ਪੰਨਾ:ਸੰਤ ਗਾਥਾ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿੰਘ ਵਾਗੀ ਨੇ ਉਹਨਾਂ ਨੂੰ ਸੋਟੇ ਮਾਰਕੇ ਕੱਢ ਦਿਤਾ| ਸ਼ਾਮਾਂ ਕੁ ਵੇਲੇ ਆਪ ਨੂੰ ਖਬਰ ਹੋਈ ਤਦ ਵਾਗੀ ਨੂੰ ਸੱਦਕੇ ਆਪ ਨੇ ਪ੍ਰਸ਼ਾਦ ਛਕਾਇਆ ਤੇ ਫੇਰ ਕਿਹਾ ਕਿ ਭਾਈ! ਹੁਣ ਸਾਡਾ ਤੇਰਾ ਨਿਬਾਹ ਨਹੀਂ ਹੋ ਸਕਦਾ, ਆਪਣਾ ਡੇਰਾ ਕਿਤੇ ਹੋਰ ਥੇ ਕਰ ਲੈ। ਸੰਤਾਂ ਜਿਹੀ ਸ਼ੀਲ ਤੇ ਸੁਹਿਰਦ ਵਯਕਤੀ ਦੇ ਮੂੰਹ ਤੋਂ ਵਾਗੀ ਇਹ ਗਲ ਸੁਣਕੇ ਹੈਰਾਨ ਹੋ

ਗਿਆ ਤੇ ਸੰਤਾਂ ਦੇ ਚਰਨ ਫੜ ਲਏ। ਹਥ ਜੋੜਕੇ ਬੇਨਤੀ ਕੀਤੀ ਕਿ ਮੈਂ ਕੀ ਖੁਨਾਮੀ ਕੀਤੀ ਹੈ? ਮੈਥੋਂ ਕੀ ਅਵੱਗਯਾ ਹੋਈ ਹੈ ਕਿ ਮੈਂ ਆਪ ਜੀ ਦੇ ਦਰੋਂ ਇਸ ਤਰ੍ਹਾਂ ਧੱਕਿਆ ਜਾ ਰਿਹਾ ਹਾਂ? ਸੰਤਾਂ ਇਕ ਡਾਢਾ ਭਰਵਾਂ ਸਾਹ ਲਿਆ, ਉਹਨਾਂ ਦੀਆਂ ਅੱਖਾਂ ਸਜਲ ਹੋ ਆਈਆਂ ਤੇ ਕਹਿਣ ਲਗੇ ਕਿ ਤੂੰ ਅਜ ਕਲਗੀਧਰ ਜੀ ਦੇ ਝੰਡੇ ਦੀ ਹੱਤਕ ਕੀਤੀ ਹੈ। ਉਸ ਨੇ ਕੰਬ ਕੇ ਕਿਹਾ ਕਿ ਦੀਨ ਦਿਆਲ ਜੀ! ਮੈਂ ਐਸੀ ਅਵੱਗਯਾ ਨਹੀਂ ਕੀਤੀ । ਸੰਤ ਕਹਿਣ ਲਗੇ ਕਿ ਅਜ ਗੁਰੂ ਦੇ ਲੰਗਰ ਵਿਚ ਅਤਿਥੀ ਆਏ ਸਨ, ਉਹ ਭੁੱਖੇ ਸਨ ਤੇ ਭੋਜਨ ਪਾਉਣ ਲਈ ਆਏ ਸਨ, ਤੂੰ ਉਹਨਾਂ ਦਾ ਆਦਰ ਕਰਨ ਦੀ ਥਾਂ ਸੋਟੇ ਮਾਰੇ ਇਹ ਕਲਗੀਧਰ ਜੀ ਦੇ ਝੰਡੇ ਦੀ ਹੱਤਕ ਹੈ । ਇਹ ਕਹਿਕੇ ਆਪ ਦੇ ਨੇਤ੍ਰ ਡੁਲ੍ਹ ਪਏ। ਵਾਗੀ ਨੇ,ਜੋ ਸਿੰਘ ਸੀ,ਕਿਹਾ ਕਿ ਮਹਾਰਾਜ ! ਮੈਂ ਅਜਿਹਾ ਕੰਮ ਨਹੀਂ ਕੀਤਾ | ਸੰਤਾਂ ਕਿਹਾ ਕਿ ਜਿਹੜੀ ਹਰੇ ਘਾਹ ਵਾਲੀ ਤੋਂ ਅਸਾਂ ਠੇਕੇ ਤੇ ਲਈ ਹੈ, ਉਹ ਘਾਹ ਗੁਰੂ ਕਾ ਲੰਗਰ ਹੈ ਪਸ਼ੂਆਂ ਵਾਸਤੇ। ਜਿਕੂ ਰੋਜ਼ ਡੇਰੇ ਲੰਗਰ ਕਰੀਦਾ ਹੈ, ਜੋ ਅਤਿੱਥੀ ਮਨੁੱਖ ਆਵੇ ਉਸ ਨੂੰ ਪ੍ਰਸ਼ਾਦਾ ਮਿਲਦਾ ਹੈ, ਨਾਂਹ ਕਿਸੇ ਨੂੰ ਨਹੀਂ ਕਰੀਦੀ, ਕਿਉਂਕਿ ਲੰਗਰ ਗੁਰੂ ਕਾ ਹੈ, ਸਾਡੀ ਕਮਾਈ ਦਾ ਤਾਂ ਹੈ ਨਹੀਂ (ਉਂਜ ਉਹ ਬੀ ਗੁਰੂ ਕੀ ਹੀ ਹੈ) ਸੋ ਜਿਵੇਂ ਇਹ ਡੇਰੇ ਦਾ ਲੰਗਰ ਮਨੁੱਖਾਂ ਵਾਸਤੇ ਹੈ ਤਿਵੇਂ ਉਹ ਘਾਹ ਦਾ ਲੰਗਰ ਪਸ਼ੂਆਂ ਵਾਸਤੇ ਹੈ । ਦੁਇ ਲੰਗਰ ਕਲਗੀਧਰ ਜੀ ਦੇ ਹੈ, ਜਿੱਥੇ ਅਤਿੱਥੀਆਂ ਨੂੰ ਨਾਂਹ ਨਹੀਂ ਹੋ ਸਕਦੀ, ਫਿਰ ਉਸ ਘਾਹ ਦੇ ਲੰਗਰ ਤੇ ਜਦ ਪਸ਼ੂ ਆਏ ਤਦ ਤੁਸਾਂ ਕਿਉਂ ਸੋਟੇ ਮਾਰੇ? ਸਿੰਘ ਨੇ ਹਥ ਜੋੜਕੇ ਕਿਹਾ ਕਿ ਇਹ ਭੁੱਲ ਤਾਂ ਜ਼ਰੂਰ ਹੋਈ ਹੈ, ਪਰ ਮਹਾਰਾਂਜ !

-੧੦੭-