ਪੰਨਾ:ਸੰਤ ਗਾਥਾ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਂਦੇ ਸਨ। ਇਨ੍ਹਾਂ ਨੇ ਇਸ ਤਰਾਂ ਦੇ ਆਏ ਤੇ ਪੱਠਿਆਂ ਤੇ ਪਏ ਪਸ਼ੂ ਨੂੰ ਕਦੇ ਨਹੀਂ ਹਟਾਇਆ ਸੀ, ਜਿਸ ਤੋਂ ਲੋਕਾਂ ਨੂੰ ਹੋਰ ਮੌਕਾ ਮਿਲ ਗਿਆ ਤੇ ਉਹ ਜਦ ਕਦੇ ਕਿਸੇ ਪਸ਼ੂ ਨੂੰ ਆਪਣੇ ਤੇ ਭਾਰੂ ਵੇਖਦੇ ਤਦ ਇਹ ਵਿਚਾਰ ਕੇ:-

ਸਿੰਗ ਟੂਟੇ ਅਰ ਖੁਰ ਸੇ ਕੰਧਾ ਬੋਝ ਨ ਲੇ,
ਐਸੇ ਬੂਢੇ ਬੈਲ ਕੋ ਕੌਨ ਬਾਂਟ ਭੁਸ ਦੇ।

ਸੰਤ ਜੀ ਦੇ ਡੇਰੇ ਪੁਚਾ ਦੇਣਾ ਸ਼ੁਰੂ ਕੀਤਾ, ਜਿਸ ਤੋਂ ਆਪ ਦੇ ਪ੍ਰਬੰਧ ਵਿਚ ਇਕ ਤਕੜੀ ਗਊਸ਼ਾਲਾ ਬਣ ਗਈ। ਇਹ ਗਊਸ਼ਾਲਾ ਚਾਟੀਵਿੰਡ ਦੇ ਦਰਵਾਜ਼ੇ ਦੇ ਬਾਹਰ ਆਪ ਦੀ ਅਟੱਲ ਚੱਲ ਰਹੀ ਪਸ਼ੂਆਂ ਤੇ ਮਨੁੱਖਾਂ ਲਈ ਲਾਈ ਛਬੀਲ ਦੇ ਨਾਲ ਹੀ ਹੈ । ਇਨ੍ਹਾਂ ਹੀ ਦਿਨਾਂ ਵਿਚ ਸ਼ਹਿਰ ਵਿਚ ਕਿਸੇ ਹੋਰ ਖਿਆਲ ਨੂੰ ਲੈਕੇ ਇਕ ਗਊਸ਼ਾਲਾ ਹੋਰ ਖੁਲ੍ਹੀ, ਉਹਦੇ ਪ੍ਰਬੰਧਕਾਂ ਨੇ ਕਿਸੇ ਹੋਰ ਖਿਆਲ ਤੇ ਆਪ ਜੀ ਤੋਂ ਇਨ੍ਹਾਂ ਪਸ਼ੂਆਂ ਦੀ ਮੰਗ ਕੀਤੀ। ਪਰ ਸੰਤ ਜੀ ਦਾ ਉੱਤਰ ਡਾਢਾ ਸਿੱਧਾ, ਸਰਲ, ਸੱਚਾ ਤੇ ਸੁੱਚਾ ਸੀ ਕਿ ਗਊਸ਼ਾਲਾ ਬਨਾਉਣ ਦੀ ਮੈਨੂੰ ਖਿੱਚ ਨਹੀਂ, ਕਿਸੇ ਪਾਸੋਂ ਪਸ਼ੂ ਲੈਣ ਮੈਂ ਨਹੀਂ ਜਾਂਦਾ, ਪਰ ਜਿਹੜਾ ਦੁਖੀਆ, ਨਿਰਬਲ, ਲਿੱਸਾ, ਮਾੜੂਆਂ ਤੇ ਕਮਜ਼ੋਰ ਪਸ਼ੂ ਗੁਰੂ ਦੇ ਝੰਡੇ ਹੇਠ ਆ ਜਾਏ ਉਹਨੂੰ ਆਪਣੀ ਹੱਥੀਂ ਬਾਹਰ ਟੋਰਨਾ ਗੁਰੂ ਜੀ ਦੇ ਝੰਡੇ ਦੀ ਹੱਤਕ ਹੈ। ਮੈਨੂੰ ਨਾ ਪਕੜ ਗਊਸ਼ਾਲਾ ਬਣਾਉਣ ਦੀ ਹੈ, ਨਾ ਰੱਖਣ ਦੀ ਹੈ ਤੇ ਨਾ ਹੀ ਟੁੱਟਣ ਦਾ ਸ਼ੌਕ ਹੋਵੇਗਾ, ਮੈਂ ਤਾਂ ਆ ਗਏ ਅਤਿੱਥੀ ਦੀ, ਦੁਖੀ ਦੀ, ਬੁੱਢੇ ਦੀ ਸੇਵਾ ਕਰਨੀ ਹੈ, ਚਾਹੇ ਉਹ ਮਨੁੱਖ ਹੈ ਚਾਹੇ ਉਹ ਪਸ਼ੂ ਹੈ।

੧੮. ਪਸ਼ੂਆਂ ਦਾ ਸਾਂਝਾ ਲੰਗਰ-

ਇਕ ਵੇਰ ਸੰਤਾਂ ਨੇ ਪਸ਼ੂਆਂ ਦੇ ਚਰਨ ਲਈ ਇਕ ਭੋਂ ਠੇਕੇ ਤੇ ਲਈ, ਜਿਸ ਵਿਚ ਘਾਹ ਬਹੁਤ ਉੱਗ ਰਿਹਾ ਸੀ। ਇਸ ਖੇਤ ਵਿਚ ਗਊਸ਼ਾਲਾ ਦੇ ਪਸ਼ੂ ਜਾਕੇ ਚਰਦੇ ਚੁਗਦੇ ਰਹਿੰਦੇ ਸਨ। ਇਕ ਦਿਨ ਗੁੱਜਰਾਂ ਦੇ ਭੁੱਖੇ ਪਸ਼ੂ ਉਸ ਖੇਤ ਵਿਚ ਆ ਪਏ, ਸੰਤਾਂ ਦੇ ਸੇਵਕ ਇਕ

-੧੦੬-