ਪੰਨਾ:ਸੰਤ ਗਾਥਾ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈ ਜਾਣ ਵਾਲੇ ਤਾਂ ਇਹ ਹੀ ਜਾਪਦੇ ਹਨ, ਪਰ ਨਾ ਇਨ੍ਹਾਂ ਜੰਦਰਾ ਤੋੜਿਆ ਹੈ ਤੇ ਨਾ ਹੀ ਬਦੋ ਬਦੀ ਅਸਬਾਬ ਖੋਹਿਆ ਹੈ, ਮੈਂ ਜੰਦਰਾ ਆਪਣੇ ਹੱਥੀਂ ਖੋਲ੍ਹਕੇ ਜਿਹੜਾ ਜਿਹੜਾ ਅਸਬਾਬ ਕਿਸੇ ਮੰਗਿਆ ਦੇ ਦਿਤਾ ਸੀ, ਜੇ ਇਹ ਦੋਸ਼ ਹੈ ਤਾਂ ਮੇਰਾ ਹੈ; ਇਨ੍ਹਾਂ ਗੱਭਰੂਆਂ ਨੂੰ ਛੱਡ ਦੇਵੋ, (ਦੋਨੋਂ ਹੱਥ ਅੱਗੇ ਕਰਕੇ) ਜੇ ਹਥਕੜੀ ਲਗਾਣੀ ਹੈ ਤਾਂ ਮੈਨੂੰ ਲਗਾਓ ਕਿ ਅਸਬਾਬ ਮੈਂ ਚੁਕਾਇਆ ਹੈ ਤੇ ਇਨ੍ਹਾਂ ਦੀਆਂ ਹਥਕੜੀਆਂ ਖੋਹਲ ਦਿਓ।

ਇੰਨੇ ਨੂੰ ਸਚੇਤ ਪਾਣੀ ਗਈ ਸੰਗਤ ਵਿਚੋਂ ਕੁਛ ਅੰਮ੍ਰਿਤਸਰ ਲਾਹੌਰ ਦੇ ਸਿਰਕਰਦੇ ਚੌਧਰੀ ਤੇ ਵੱਡੇ ਆਦਮੀ ਆ ਗਏ ਤੇ ਇਹ ਗੱਲ ਸੁਣਕੇ ਕਾਲ੍ਹੀ ਨਾਲ ਮੌਕੇ ਤੇ ਪੁੱਜੇ ਤੇ ਠਾਣੇਦਾਰ ਨੂੰ ਕਹਿਣ ਲੱਗੇ ਕਿ ਇਹ ਮਹਾਨ ਪਰਉਪਕਾਰੀ ਸਮਦਰਸ਼ੀ ਸੰਤ ਹਨ, ਇਹ ਨਾ ਚੋਰ ਹਨ ਤੇ ਨਾ ਚੋਰਾਂ ਦੇ ਸਾਥੀ, ਚੋਰਾਂ ਨੂੰ ਲੋੜਵੰਦ ਸਮਝਕੇ ਜੋ ਕੁਝ ਉਨ੍ਹਾਂ ਮੰਗਿਆ ਹੈ ਸੰਤਾਂ ਨੇ ਦਿੱਤਾ ਹੈ, ਤੁਹਾਨੂੰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ।ਪੁਲਸ ਵਾਲੇ ਸੰਤਾਂ ਦੀ ਸੁਹਿਰਦਤਾ ਵੇਖਕੇ ਅਸ਼ ਅਸ਼ ਕਰਨ ਲਗੇ ਤੇ ਸੰਤਾਂ ਦੇ ਹੁਕਮ ਅਨੁਸਾਰ ਉਨ੍ਹਾਂ ਗੱਭਰੂਆਂ ਨੂੰ ਛੱਡ ਦਿੱਤਾ ਤੇ ਵਾਪਸ ਚਲੇ ਗਏ।

੨੪. ਸਾਧੂਆਂ ਨੂੰ ਸਿਖਯਾ-

ਜਦੋਂ ਪੁਲਸ ਚਲੀ ਗਈ ਤੇ ਸਾਧੁ ਆਪੋ ਆਪਣਾ ਸਾਮਾਨ ਸੰਭਾਲ ਚੁਕੇ ਤਦ ਸੰਤਾਂ ਨੇ ਆਖਿਆ: ਸਾਰੇ ਸਜਣੋ! ਬੈਠ ਜਾਓ ਤੇ ਜਾਣ ਤੋਂ ਪਹਿਲਾਂ ਸਾਡੇ ਦੋ ਬਚਨ ਸੁਣ ਜਾਓ। ਸਾਧੂ ਵੀ ਬੈਠ ਗਏ, ਉਹ ਸਿਰ ਕਰਦੇ,ਜਿਨਾਂ ਨੇ ਪੁਲਸ ਨੂੰ ਤਸੱਲੀ ਦੇ ਕੇ ਟੋਰਿਆ ਸੀ, ਉਹ ਬੀ ਬੈਠ ਗਏ, ਕੁਛ ਸਰੀਰ ਜੋ ਪੁਲੀਸ ਆਈ ਤੱਕਕੇ ਆਏ ਸਨ ਉਹ ਬੀਬ ਗਏ, ਤਦ ਸੰਤਾਂ ਨੇ ਜੋ ਬਚਨ ਕੀਤੇ ਉਨਾਂ ਦਾ ਸਾਰ ਅੰਸ਼ ਇਹ ਸੀ:

ਸਾਧੂ ਜਨੋ! ਤੁਸੀਂ ਇਕ ਮੇਰਾ ਬਚਨ ਮੰਨੇ, ਉਹ ਇਹ ਹੈ ਕਿ ਇਹ ਭੇਖ ਦੇ ਬਸਤਰ ਉਤਾਰ ਦਿਓ ਤੇ ਵਿਹਾਰ ਕਾਰ ਕਰੋ। ਤੁਸੀਂ

-੧੧੬-