ਪੰਨਾ:ਸੰਤ ਗਾਥਾ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪ ਨਿਰਵਾਸ਼ ਹੋ ਗਏ ਸਨ, ਪੂਰੀ ਤਰ੍ਹਾਂ ਪੂਰਨ ਕੀਤੀ ਗਈ। ਜਿਨ੍ਹਾਂ ਦੇ ਸਿਰ ਸੰਤ ਜੀ ਆਪਣੀ ਅੰਤਮ ਪਰਉਪਕਾਰੀ ਕਰਨੀ ਦਾ ਜ਼ਿੰਮਾ ਦੇ ਗਏ ਸਨ, ਉਨ੍ਹਾਂ ਨੇ ਮਾਇਆ ਦਾ ਉਦਮ ਆਰੰਭ ਕੀਤਾ ਤੇ ਚੌਧਰੀ ਗੁਰਦਿਤ ਸਿੰਘ ਜੀ ਤੇ ਹੋਰ ਸੱਜਣਾਂ ਦੀ ਸਹਾਇਤਾ ਨਾਲ ਕਾਰਜ ਸਿਰੇ ਚੜ੍ਹ ਗਿਆ। ਮਾਇਆ ਇਕੱਤਰ ਹੋ ਗਈ, ਭੋਂ ਖਰੀਦੀ ਗਈ ਤੇ ਰਸਤਾ ਬਣ ਗਿਆ।

ਸੰਤ ਜੀ ਦਾ ਜੀਵਨ, ਸਿਮਰਨ ਤੇ ਉਪਕਾਰ ਦਾ ਜੀਵਨ ਸੀ, ਨਾਮ ਜਪਦੇ ਉਪਕਾਰ ਕਰਦੇ ਆਪ ਥੱਕਦੇ ਨਹੀਂ ਸਨ। ਆਯੂ ਵਿਚ ਬ੍ਰਿਧ ਸਨ, ਪਰ ਹਿੰਮਤ ਨੌਜਵਾਨਾਂ ਵਾਲੀ ਸੀ। ਆਲਸ ਤੇ ਸੁਸਤੀ ਉਨਾਂ ਦੇ ਨੇੜੇ ਕਦੇ ਨਹੀਂ ਸੀ ਢੁੱਕੀ। ਦਿਨ ਹੋਵੇ ਜਾਂ ਰਾਤ, ਸਿਆਲਾ ਹੋਵੇ ਜਾਂ ਹੁਨਾਲਾ, ਮੀਂਹ ਹੋਵੇ ਜਾਂ ਝੱਖੜ, ਮਨੁੱਖ, ਪਸ਼ੂ, ਪੰਖੀ ਜਿਸ ਨੂੰ ਕਸ਼ਟ ਵਿਚ ਵੇਖਦੇ ਯਥਾ ਯੋਗ ਸੇਵਾ ਤੇ ਸਹਾਇਤਾਂ ਕਰਦੇ ਰਹਿੰਦੇ ਸਨ। ਨਾਮ ਜਪਣ ਵਿਚ ਅਖੰਡ ਬ੍ਰਿਤੀ ਦਾ ਪ੍ਰਵਾਹ ਚਲਦਾ ਸੀ, ਗਿਆਨ ਦੀ ਅਵਸਥਾ ਪੂਰਨ ਸੀ, ਬੀਤਰਾਗ ਫਿਰ ਪਰਉਪਕਾਰੀ ਹੋਣਾ ਇਨ੍ਹਾਂ ਵਿਚ ਹੀ ਵੇਖਿਆ ਗਿਆ। ਗਿਆਨ ਤੇ ਨਾਮ ਨੂੰ ਜਿਸ ਖੂਬੀ ਨਾਲ ਇਨ੍ਹਾਂ ਜਰਿਆ ਬਹੁਤ ਘਟ ਵਰਕਤੀਆਂ ਵਿਚ ਵੇਖਿਆ ਗਿਆ ਹੈ। ਗਰੀਬੀ ਤੇ ਨਿੰਮ੍ਰਤਾ ਦੇ ਤਾਂ ਪੁੰਜ ਸਨ।

ਆਪ ਦਾ ਜੀਵਨ ਇਕ ਬੀਤਰਾਗ 'ਗੁਰਮੁਖ-ਜੀਵਨ' ਦਾ ਨਮੂਨਾ ਸੀ, ਆਪ ਦੇ ਚਲਾਣੇ ਦੀ ਖਬਰ ਸੁਣਕੇ ਬੇਅੰਤ ਸੰਗਤਾਂ ਇਕੱਠੀਆਂ ਹੋ ਗਈਆਂ, ਹਿੰਦੂ ਮੁਸਲਮਾਨ ਬੀ ਨਾਲ ਸਨ, ਹਰ ਜ਼ੁਬਾਨ ਵਿਚੋਂ ਆਪ ਦੀ ਮਹਿਮਾਂ ਹੋ ਰਹੀ ਸੀ। ਆਪ ਦੀ ਅਰਥੀ ਨਾਲ ਇੰਨੀ ਭੀੜ ਸੀ ਕਿ ਸ਼ਾਇਦ ਹੀ ਕਿਸੇ ਧਨੀ ਦੀ ਅਰਥੀ ਨਾਲ ਇਥੇ ਕਦੇ ਹੋਈ ਹੋਵੇ।

ਆਪ ਦੀ ਸਮਾਧ ਚਾਟੀਵਿੰਡ ਦਰਵਾਜ਼ਿਓਂ ਬਾਹਰ ਗਉਸ਼ਾਲਾ ਦੇ ਸਾਹਮਣੇ ਵਾਲੇ ਪਾਸੇ ਦੇ ਬਗ਼ੀਚੇ ਵਿਚ ਹੈ ਜੋ ਇਸ ਡੇਰੇ ਦੇ ਸੰਤਾਂ ਦੇ ਕਬਜ਼ੇ ਵਿਚ ਹੈ।

-੧੨੮-