ਪੰਨਾ:ਸੰਤ ਗਾਥਾ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋਗ ਸਾਧਨਾਂ ਕੀਤੀਆਂ ਸਨ। ਮਤ ਆਪ ਦਾ ਗੁਰੂ ਘਰ ਦਾ, ਵਾਹਿਗੁਰੂ ਜੀ ਨਾਲ ਭਗਤੀ ਭਾਵ ਦਾ ਸੀ, ਪਰੰਤੂ ਜੋਗ ਦੇ ਅਮਲ ਸਾਰੇ ਕੀਤੇ ਹੋਏ ਸਨ ਤੇ ਵਿਭੂਤੀਆਂ ਤੇ ਹੁਕਮ ਹਾਸਲ ਪ੍ਰਾਪਤ ਸੀ, ਫਿਰ ਬੀਤਰਾਗ ਸੇ। ਸਰੀਰ ਕਮਾਇਆ ਹੋਇਆ ਸੀ, ਭੁੱਖ ਤ੍ਰੇਹ, ਉਸ਼ਨ, ਸੀਤ ਤੇ ਬਿਜੈ ਪ੍ਰਾਪਤ ਸੀ। ਬਿਨਾਯਕ ਰਾਉ ਜੀ ਉਨ੍ਹਾਂ ਦੇ ਪੁਰਾਣੇ ਪੁਰਾਣੇ ਪ੍ਰੇਮੀਆਂ ਨੂੰ ਢੂੰਡ ਢੂੰਡ ਕੇ ਮਿਲੇ, ਸਭ ਤੋਂ ਇਹ ਪਤਾ ਲਗਦਾ ਸੀ ਕਿ ਗਰਮੀ, ਸਰਦੀ ਤੇ ਬਰਸਾਤ ਵਿਚ ਕਦੇ ਕਿਸੇ ਓਟ ਜਾਂ ਛਾਵੇਂ ਨਹੀਂ ਬੈਠਦੇ ਸਨ। ਆਪ ਪਹਿਲੇ ਸਮਿਆਂ ਵਿਚ ਵਿਚਰਦੇ ਬੀ ਨਗਨ ਸਨ, ਲਗ ਪਗ ੧੯੪੭-੪੮ ਸੰਮਤ ਦੇ ਰਾਜਾ ਸਾਹਿਬ ਭਦਾਵਰ ਨੇ ਕਪੜੇ ਪਹਿਨਣ ਲਈ ਬਿਨੈ ਕੀਤੀ ਤਾਂ ਆਪ ਨੇ ਸ੍ਵੀਕਾਰ ਕਰ ਲਈ ਤੇ ਤਦੋਂ ਤੋਂ ਹੀ ਆਪ ਨੇ ਦਿਨ ਨੂੰ ਕਿਸੇ ਵੇਲੇ ਦਰਖਤ ਦੀ ਛਾਵੇਂ ਬੈਠਣਾ ਵੀ ਮੰਨ ਲਿਆ। ਮ੍ਰਿਯਾਦਾ ਪੁਰਸ਼ੋਤਮਤਾ ਫਿਰ ਐਸੀ ਕਿ ਕਪੜੇ ਪਹਿਨਣ ਦੇ ਬਾਦ ਰਾਜੇ ਦੀਆਂ ਰਾਣੀਆਂ ਨੂੰ ਦਰਸ਼ਨ ਕਰਨ ਦੀ ਆਗਯਾ ਦਿਤੀ, ਇਸ ਤੋਂ ਪਹਿਲੇ ਨਹੀਂ ਸੀ ਆਗਯਾ ਦੇਂਦੇ। ੧੯੫੮ ਸੰਮਤ ਵਿਚ ਆਪ ਅੰਦਾਵੇ ਦੇ ਬਿਨਾਯਕ ਰਾਓ ਜੀ ਨੂੰ ਮਿਲੇ। ਆਪ ਦੇ ਹਾਲਾਤ ਬੀ ਹਸਬ ਦਸਤੂਰ ਸਾਡੇ ਮੁਲਕ ਦੇ ਕਰਾਮਾਤਾਂ ਵਾਲੇ ਤਾਂ ਬਹੁਤ ਮਿਲਦੇ ਹਨ, ਪਰ ਉਪਦੇਸ਼ ਦੀ ਕਿਸਮ ਦੇ ਘੱਟ ਲੋਕਾਂ ਨੂੰ ਯਾਦ ਹਨ।ਆਪ ਸਿੰਘ ਸਨ, ਗੁਰੂ ਘਰ ਦੇ ਮਾਰਗ ਦੇ ਪੱਕੇ ਅਨੁਯਾਈ ਸਨ, ਗੁਰਬਾਣੀ ਦੇ ਪ੍ਰੇਮੀ ਸਨ ਤੇ ਸੁਖਮਨੀ ਸਾਹਿਬ ਤਾਂ ਮਾਨੋ ਜੀਵਨ ਆਧਾਰ ਸੀ। ਵਿਸ਼ਵਾਸ਼ ਨਾਮ ਤੇ ਭਗਤੀ ਤੇ ਸੀ, ਪਰ ਕਾਮਲ ਜੋਗੀ ਸਨ, ਹਠ ਦੇ ਆਮਲ ਸਨ ਤੇ ਸਿੱਧੀਆਂ ਪ੍ਰਾਪਤ ਸਨ। ਰਾਜ ਜੋਗ ਵਿਚ ਪੂਰੀ ਪਹੁੰਚ ਸੀ। ਐਸੇ ਪੁਰਖ ਦੇ ਖਯਾਲ ਜੇ ਸਾਨੂੰ ਜੋਗ ਤੇ ਭਗਤੀ ਪਰਥਾਇ ਮਿਲਣ ਤਾਂ ਨਿਹਾਯਤ ਕੀਮਤੀ ਹੋਣ, ਕਿਉਂਕਿ ਤਜ਼ਰਬੇ ਕੀਤੀ ਬਾਤ ਸਭ ਤੋਂ ਸ੍ਰੇਸ਼ਟ ਹੋਇਆ ਕਰਦੀ ਹੈ। ਸ਼ੁਕਰ ਦੀ ਗੱਲ ਹੈ ਕਿ ਆਪ ਦਾ ਇਨ੍ਹਾਂ ਦੋਹਾਂ ਬਾਬਤ ਨਿਜ ਤਜਰਬਾ ਤੇ ਉਸ ਪਰ ਬਣੀ ਸੰਖੇਪ ਰਾਇ ਸਾਡੇ ਤਕ ਅੱਪੜੀ ਹੈ।

-੧੩੫-