ਪੰਨਾ:ਸੰਤ ਗਾਥਾ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪. ਯੋਗ ਸੰਬੰਧੀ ਖਯਾਲਾਤ-

ਆਪ ਉਤੇ ਕਈ ਵੇਰ ਯੋਗ ਸਬੰਧੀ ਪ੍ਰਸ਼ਨ ਹੋਏ ਤਾਂ ਆਪ ਨੇ ਪ੍ਰਾਣਾਂਯਾਮ, ਨੇਤੀ, ਧੋਤੀ, ਨਿਉਲੀ ਕਰਮ ਆਦਿ ਦੇ ਅਸਰ ਤੇ ਫਾਇਦੇ ਦੱਸਣ ਤੇ ਸ੍ਵਾਸਾਂ ਦੇ ਰੋਕਣ ਤੇ ਨਾੜੀਆਂ ਪਰ ਅਸਰ ਤੇ ਅੰਦਰਲੀਆਂ ਨਾੜੀਆਂ ਦੇ ਵੇਰਵੇ ਦੱਸਣੇ। ਪਰ ਜਦ ਪੁਛਿਆ ਗਿਆ ਕਿ ਜੋ ਹਠ ਯੋਗ ਨਾ ਕਰ ਸਕੇ ਕੀਹ ਉਹ ਪਰਮਾਤਮਾ ਨੂੰ ਨਾ ਪਾਏਗਾ? ਤਾਂ ਆਪ ਨੇ ਸਾਫ ਲਫਜ਼ਾਂ ਵਿਚ ਕਿਹਾ ਕਿ ਇਸ ਵਿਚ ਕੋਈ ਸੰਸਾ ਨਹੀਂ ਕਿ ਜੋਗ (ਭਾਵ ਨਿਰਾ ਹਠ ਯੋਗ) ਪਰਮੇਸ਼ਰ ਨੂੰ ਨਹੀਂ ਮਿਲਾ ਸਕਦਾ। ਜੋਗ ਦੇ ਸਾਧਨ ਤਾਂ ਕਾਯਾਂ ਸਾਧਦੇ ਹਨ ਤੇ ਇਸ ਦੇ ਅਮਲਾਂ ਨਾਲ ਸਰੀਰ ਦੀ ਤੰਦਰੁਸਤੀ ਪ੍ਰਾਪਤ ਹੁੰਦੀ ਹੈ। ਇਸ ਨਾਲ ਬੀਮਾਰੀਆਂ ਦੀ ਰੋਕ ਹੋ ਸਕਦੀ ਹੈ, ਜੀਉਂਦਿਆਂ ਜੀ ਸਰੀਰ ਦੀ ਤਕੜਾਈ ਬਣੀ ਰਹਿੰਦੀ ਹੈ। ਫਿਰ ਆਖਣ ਲਗੇ ਕਿ ਪਰਮੇਸ਼ੁਰ ਦਾ ਮਿਲਨਾ ਉਸ ਦੇ ਹੁਕਮ ਨਾਲ ਹੁੰਦਾ ਹੈ। ਉਸ ਦੇ ਹੁਕਮ ਦੀ ਪ੍ਰਾਪਤੀ ਉਸ ਪਰ ਭਰੋਸਾ ਕਰਨ ਤੋਂ ਹੁੰਦੀ ਹੈ। ਭਰੋਸੇ ਦੀ ਦ੍ਰਿੜਤਾ ਵਾਸਤੇ ਪਰਮੇਸ਼ਰ ਅੱਗੇ ਅਰਦਾਸ ਤੇ ਬੇਨਤੀ ਕਰਨੀ ਚਾਹੀਦੀ ਹੈ। ਭਗਤੀ ਤੇ ਭਰੋਸਾ ਇਕੋ ਗੱਲ ਹੈ। ਫਿਰ ਕਹਿਣ ਲੱਗੇ: ਪਰਮੇਸ਼੍ਵਰ ਦੀ ਮਹਿਮਾਂ ਦੇ ਭਜਨ ਜੋ ਆਮ ਲੋਕ ਬਨਾਉਂਦੇ ਹਨ ਉਹ ਫੋਕੀ ਬੰਦੂਕ ਦੇ ਚੱਲਣ ਵਾਂਙ ਹਨ, ਜਿਸ ਦੀ ਧੁਨੀ ਤਾਂ ਉਨਦੀ ਹੈ, ਪਰ ਗੋਲੀ ਕਿਸੇ ਨੂੰ ਨਹੀਂ ਵੱਜਦੀ। ਪਰ ਪਰਮੇਸ਼੍ਵਰ ਦੇ ਜੁੜੇ ਮਹਾਂ ਪੁਰਖਾਂ ਦੇ ਰਚੇ ਭਜਨ ਗੋਲੀ ਵਾਂਙ ਕਾਰੀ ਅਸਰ ਕਰਦੇ ਹਨ। ਉਸ ਵੇਲੇ ਇਹ ਭੀ ਫੁਰਮਾਇਆ ਕਿ ਭਗਤੀ, ਸੱਚੀ ਭਗਤੀ ਕਬੂਲ ਹੁੰਦੀ ਹੈ। ਗ਼ਰਜ਼ ਵਾਸਤੇ ਕੀਤੀ ਗ਼ਰਜ਼ ਪੁਗਾਉਂਦੀ ਹੈ, ਪ੍ਰੇਮ ਵਾਸਤੇ ਕੀਤੀ ਪਰਮੇਸ਼੍ਵਰ ਮਿਲਾਉਂਦੀ ਹੈ। ਫਿਰ ਫੁਰਮਾਇਆ ਦਿਲ ਵਿਚ ਵਾਹਿਗੁਰੂ ਗਯਾਨ ਦਾ ਚਾਨਣਾ ਆਕੇ ਹਨੇਰਾ ਨਹੀਂ ਪੈਂਦਾ ਫਿਰ ਇਹ ਤੁਕ ਪੜ੍ਹੀ:-

'ਤੇਰੀ ਸੇਵਾ ਤੁਝ ਤੇ ਹੋਵੈ ਅਉਰੁ ਨ ਦੂਜਾ ਕਰਤਾ'

-੧੩੬-