ਪੰਨਾ:ਸੰਤ ਗਾਥਾ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨. ਸੰਤ ਦੇ ਗੁਣ, ਸੁਭਾਉ-

ਮੁਨਸ਼ੀ ਜੀ ਨੇ ਦੱਸਿਆ ਕਿ ਸਾਡਾ ਆਪਣਾ ਪਿੰਡ ‘ਜਗਦਿਆਂ’ ਤਸੀਲ ਅਜਨਾਲਾ ਜ਼ਿਲਾ ਅੰਮ੍ਰਿਤਸਰ ਹੈ। ਇਥੇ ਇਕ ਡੇਰਾ ਸੰਤ ਨਿਹਾਲ ਸਿੰਘ ਜੀ ਦੇ ਨਾਮ ਤੇ ਵਿਖ੍ਯਾਤ ਹੈ। ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਕਿ ਅਸਾਂ ਸੰਤ ਜੀ ਦੇ ਦਰਸ਼ਨ ਕੀਤੇ ਸਨ। ਸੰਤ ਜੀ ਦਾ ਸਰੀਰ ਡਾਢਾ ਸੁਡੌਲ ਤੇ ਸੁਹਣਾ, ਮੱਥਾ ਖਿੜਿਆ ਹੋਇਆ ਤੇ ਨੂਰਾਨੀ, ਚਿਹਰਾ ਪੁਰਜਲਾਲ ਹੁੰਦਾ ਸੀ। ਸੰਤ ਜੀ ਨੂੰ ਵੇਖਦਿਆਂ ਹੀ ਪਿਆਰ ਦੀ ਝਰਨਾਟ ਛਿੜ ਜਾਂਦੀ ਸੀ। ਹਰ ਵੇਲੇ ਸਿਮਰਨ ਜਾਰੀ ਰਹਿੰਦਾ ਸੀ। ਸਵੇਰ, ਦੁਪਹਿਰ, ਲੌਢੇ ਵੇਲੇ ਤੇ ਸੰਧਿਆ ਨੂੰ ਅਸੀਂ ਕਈ ਵੇਰ ਗਏ, ਟੁਰਦੇ ਫਿਰਦੇ ਸੰਤ ਜੀ ਨੂੰ ਦੇਖਿਆ, ਉਹਨਾਂ ਦੇ ਹੋਠ ਸਦੀਵ ਫਰਕਦੇ ਰਹਿੰਦੇ ਸਨ।

੩. ਸਮਦ੍ਰਿਸ਼ਟੀ-

ਆਪ ਦਾ ਪਿਆਰ ਹਿੰਦੂ, ਸਿਖ, ਮੁਸਲਮਾਨਾਂ, ਸਾਰਿਆਂ ਨੂੰ ਇਕੋ ਜਿਹਾ ਗਲਵੱਕੜੀਆਂ ਵਿਚ ਲੈ ਰਿਹਾ ਸੀ। ਹਿੰਦੂ, ਮੁਸਲਮਾਨ ਤੇ ਸਿੱਖ ਸੰਤ ਜੀ ਦਾ ਬੜਾ ਸਤਿਕਾਰ ਕਰਦੇ ਤੇ ਡੇਰੇ ਨੂੰ ਆਪਣਾ ਸਮਝਦੇ ਸਨ। ਡੇਰੇ ਵਿਚ ਗਊਆਂ ਮਹੀਆਂ ਦੀ ਕਮੀ ਨਹੀਂ ਸੀ। ਦੁੱਧ ਦਹੀਂ ਤੇ ਮੱਖਣ ਦੀ ਮਾਨੋ ਨਦੀ ਵਗ ਰਹੀ ਸੀ, ਲੰਗਰ ਅਤੁੱਟ ਜਾਰੀ ਸੀ। ਆਏ ਗਏ ਆਦਮੀ ਨੂੰ ਬਿਨਾਂ ਕਿਸੇ ਤਰ੍ਹਾਂ ਦੀ ਜ਼ਾਤ ਪਾਤ ਜਾਂ ਮਜ਼੍ਹਬੀ ਖਿਆਲ ਦੇ ਇਹ ਚੀਜ਼ਾਂ ਮਨੋ ਵਾਂਛਿਤ ਇੱਥੋਂ ਮਿਲਦੀਆਂ ਸਨ। ਲੋੜਵੰਦਾਂ ਦੀਆਂ ਮਾਇਕ ਔਕੜਾਂ ਵੀ ਸੰਤ ਜੀ ਪੂਰੀਆਂ ਕਰ ਦੇਂਦੇ ਸਨ ਤੇ ਬਿਨਾਂ ਕੋਈ ਕਿਸੇ ਤਰ੍ਹਾਂ ਦਾ ਅਹਿਸਾਨ ਜਤਾਏ ਦੇ ਲੋੜਾਂ ਪੂਰੀਆਂ ਕਰਦੇ ਤੇ ਫਿਰ ਵਾਪਸੀ ਦਾ ਖਿਆਲ ਦਿਲ ਵਿਚ ਉੱਕਾ ਨਾ ਰਖਦੇ, ਪਰ ਇਨ੍ਹਾਂ ਸਾਰੀਆਂ ਲੋੜਾਂ ਵਿਚੋਂ ਜਿਹੜੀ ਵੱਡੀ ਲੋੜ ਪੂਰੀ ਕਰਦੇ ਸਨ ਉਹ ਸੀ ‘ਨਾਮ’ ਦਾਨ। ਇਸ ਡੇਰੇ ਵਿਚ ਅਨੇਕਾਂ ਆਦਮੀ ਆਏ, ਜਿਨ੍ਹਾਂ ਨੂੰ ਪਰਮਾਰਥ ਦੀ ਲਾਗ ਲੱਗੀ, ਭਾਗ ਜਾਗੇ ਤੇ ਇਸ

-੧੫੩-