ਪੰਨਾ:ਸੰਤ ਗਾਥਾ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀ ਇਹੋ ਹੈ ਜੇ ਮੈਂ ਮੂਲ ਵਿਆਜ ਸੱਭੋ ਕੁਛ ਛਡ ਦਿਆਂ ਤਾਂ ਫੇਰ ਮੇਰਾ ਰੁਜ਼ਗਾਰ ਕਿਵੇਂ ਟੁਰੇ। ਆਪ ਟੁਰਕੇ ਆਏ ਹੋ ਤੇ ਇਹ ਜ਼ਿਮੀਂਦਾਰ ਇਸ ਵੇਲੇ ਤੰਗ ਹੈ ਤਾਂ ਮੈਂ ੨੫) ਛਡ ਦਿੰਦਾ ਹਾਂ'। ਸੰਤਾਂ ਨੇ ਕਿਹਾ ‘ਤੇਰਾ ਕਹਿਣਾ ਠੀਕ ਹੈ। ਪਰ ਸਦਾ ਸਾਰੇ ਵਣਜ ਇਕੋ ਜਿਹੇ ਨਹੀਂ ਹੁੰਦੇ, ਇਸ ਦੀ ਹਾਲਤ ਬਹੁਤ ਬੁਰੀ ਹੈ ਤੂੰ ਸਾਰਾ ਛੋੜ ਦੇਹ’। ਇਸ ਪਰ ਬਹੁਤ ਚਿਰ ਗਲ ਬਾਤ ਹੁੰਦੀ ਰਹੀ। ਉਧਰ ਪ੍ਰਸ਼ਾਦ ਤਿਆਰ ਹੋਇਆ; ਪ੍ਰਸ਼ਾਦ ਦੇ ਸੁਨੇਹੇ ਆਉਣ ਲਗੇ। ਸੰਤ ਇਸ ਵੇਲੇ ਧਰਮਸਾਲੇ ਬੈਠੇ ਗਲ ਬਾਤ ਕਰ ਰਹੇ ਸਨ। ਹੋਰ ਪ੍ਰੇਮੀ ਭੀ ਪ੍ਰਸ਼ਾਦ ਲਈ ਆ ਪਹੁੰਚੇ, ਪਰ ਸੰਤਾਂ ਨੇ ਕਿਹਾ ‘ਭਾਈ! ਇਸ ਭੁੱਖੇ ਦੀ ਭੁੱਖ ਦੂਰ ਹੋਈ ਤਾਂ ਪ੍ਰਸ਼ਾਦ ਇਸੇ ਦਾਤੇ ਦਾ ਛਕਾਂਗੇ'। ਇਸ ਪਰ ਸ਼ਾਹੂਕਾਰ ਨੇ ਨਿੰਮ੍ਰਤਾ ਨਾਲ ਅੱਧ ਛਡ ਦੇਣ ਦੀ ਬਿਨੈ ਕੀਤੀ,ਪਰ ਸੰਤਾਂ ਨੇ ਸਾਰਾ ਛੁਡਾਉਣ ਤੇ ਜ਼ੋਰ ਦਿਤਾ। ਜਦ ਡਿੱਠਾ ਕਿ ਦੁਖੀਏ ਦਾ ਸਾਰਾ ਦੁਖ ਨਵਿਰਤ ਨਹੀਂ ਹੁੰਦਾ ਤਾਂ ਭਾਈ ਸਾਹਿਬ ਉਠਕੇ ਟੂਰ ਆਏ, ਛੇ ਕੋਹ ਪੈਂਡਾ ਗਏ ਸਨ ਛੇ ਕੋਹ ਫਿਰ ਪੈਦਲ ਟੁਰਕੇ ਭੁੱਖੇ ਹੀ ਵਾਪਸ ਆ ਗਏ।

ਸੰਤਾਂ ਦੇ ਚਲੇ ਆਉਣ ਮਗਰੋਂ ਭਾਈ ਮਤਾਬ ਸਿੰਘ ਜੀ ਦੇ ਘਰ ਪਰਿਵਾਰ ਵਿਚ ਬੜਾ ਫਿਕਰ ਹੋ ਗਿਆ ਕਿ ਐਸੇ ਨਾਮ ਰਸੀਏ ਸੰਤ ਸਾਡੇ ਘਰੋਂ ਭੁੱਖੇ ਚਲੇ ਗਏ। ਪਰਿਵਾਰ ਨੇ ਬੀ ਪ੍ਰਸ਼ਾਦ ਨਹੀ ਛਕਿਆ ਸੀ, ਅੰਤ ਬ੍ਰਿਧ ਮਾਤਾ ਜੀ ਦੇ ਮਸ਼ਵਰੇ ਨਾਲ ਇਹੋ ਗਲ ਠਹਿਰੀ ਕਿ ਮਾਯਾ ਦੇ ਮਗਰ ਨਹੀਂ ਲੱਗਣਾ ਤੇ ਸੰਤਾਂ ਨੂੰ ਅਪ੍ਰਸੰਨ ਨਹੀਂ ਕਰਨਾ। ਅਗਲੇ ਦਿਨ ਸਵੇਰੇ ਹੀ ਭਾਈ ਮਤਾਬ ਸਿੰਘ ਜੀ ਸੰਤਾਂ ਦੇ ਚਰਨਾਂ ਵਿਚ ਆ ਹਾਜ਼ਰ ਹੋਏ ਤੇ ਬਿਨੈ ਕੀਤੀ ਕਿ ਮਹਾਰਾਜ ਜੀ! ਆਪ ਦਾ ਹੁਕਮ ਸਿਰ ਮੱਥੇ ਤੇ ਹੈ, ਸਾਰੇ ਰੁਪਏ ਦਾਸ ਛੋੜਦਾ ਹੈ, ਪਰ ਆਪ ਕਿਰਪਾ ਕਰਕੇ ਇਕੇਰਾਂ ਫੇਰ ਪਿੰਡ ਚੱਲੋ ਤੇ ਚੌਂਕੇ ਬਹਿਕੇ ਪ੍ਰਸ਼ਾਦ ਛਕੋ ਤੇ ਘਰ ਪਵਿੱਤ੍ਰ ਕਰੋ। ਆਪ ਹੱਸ ਪਏ ਤੇ ਕਹਿਣ ਲਗੇ, ‘ਸ਼ਾਬਾਸ਼ ਭਾਈ! ਜੋ ਕਿਸੇ ਦੀ ਲੋੜ ਪਰ ਪਸੀਜਦਾ ਹੈ, ਸਾਈਂ ਉਸ ਦੀਆਂ ਲੋੜਾਂ ਤੇ ਪਸੀਜਦਾ ਹੈ। ਤੂੰ ਭਲਾ ਕੀਤਾ ਹੈ, ਪਰ ਬਈ ਸਾਡਾ ਬਿਲਾਸ ਹੁਣ ਇਹ

-੨੪-