ਪੰਨਾ:ਸੰਤ ਗਾਥਾ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋ ਪ੍ਰਸੰਗ ਇਸ ਵੇਲੇ ਕੀਰਤਨ ਵਿਚ ਆਪ ਕੰਨਾਂ ਨਾਲ ਸੁਣ ਰਹੇ ਸਨ ਤੇ ਅੱਖਾਂ ਦੇ ਸਾਹਮਣੇ ਨਕਸ਼ਾ ਖਿਚ ਰਿਹਾ ਸੀ, ਕਾਲ ਦਾ ਪਰਦਾ ਮਾਨੋਂ ਵਿਚੋਂ ਹਟ ਗਿਆ ਤੇ ਆਪ ਉਹ ਹੋਣੀ ਪਰਤੱਖ ਦੇਖ ਰਹੇ ਸਨ। ਨੀਮ ਬੇਸੁਧ ਜਿਹੇ ਬਿਹਬਲ ਹੋਏ ਉੱਠ ਖਲੋਤੇ ਤੇ ਭੱਜ ਕੇ ਰਬਾਬੀਆਂ ਪਾਸ ਆ ਖਲੇ ਤੇ ਪੁਕਾਰਣ ਲਗ ਪਏ:-

‘ਓ ਬਾਬਾ ਕਾਲੂ! ਹੇ ਬਾਬਾ ਕਾਲੂ!! ਨਾ ਮਾਰ, ਨਾ ਮਾਰ; ਮੇਰੇ ਸੁਹਣੇ ਨਾਨਕ ਨੂੰ ਨਾ ਮਾਰ, ਨਾ ਮਾਰ, ਨਾ ਮਾਰ, ਬਾਬਾ ਰੁਪਏ ਮੈਥੋਂ ਲੈ ਲੈ, ਲੈ ਲੇ ਰੁਪਏ ਵੀਹ ਨਾ ਮਾਰ, ਮੇਰੇ ਸਤਿਗੁਰ ਨੂੰ, ਨਾ ਮਾਰ, ਬਾਬਾ ਕਾਲੂ, ਨਾ ਮਾਰ!"

ਇਹ ਹਾੜੇ ਕਢਦੇ ਡਿਡੋਲਿਕੇ ਹੋਕੇ ਰੋ ਪਏ ਤੇ ਬੇਸੁਧ ਹੋਕੇ ਡਿਗ ਪਏ। ਕੀਰਤਨ ਬੰਦ ਹੋ ਗਿਆ। ਧਰਮਸਾਲ ਵਿਚ ਸੱਨਾਟਾ ਛਾ ਗਿਆ। ਆਪ ਉਸੇ ਬੇਸੁਧੀ ਵਿਚ ਕਿੰਨਾ ਹੀ ਚਿਰ ਪਏ ਰਹੇ। ਚਿਰ ਮਗਰੋਂ ਸਹਿਜੇ ਹੋਸ਼ ਪਰਤੀ, ਜਿਸ ਵੇਲੇ ਸਾਰੀ ਹੋਸ਼ ਆ ਗਈ ਤਾਂ ‘ਧੰਨ ਗੁਰ ਨਾਨਕ’, ‘ਧੰਨ ਗੁਰ ਨਾਨਕ' ਦੀ ਮੱਧਮ ਧੁਨੀ ਆ ਰਹੀ ਸੀ ਤੇ ਆਪ ਦੇ ਪਵਿਤ੍ਰ ਸਰੀਰ ਤੋਂ ਮਾਨੋ ਧੰਨ ਗੁਰ ਨਾਨਕ ਦੀ ਸੁਗੰਧਿ ਫੈਲ ਰਹੀ ਸੀ। ਇਸ ਰੰਗ ਵਿਚ ਕਿੰਨਾ ਚਿਰ ਰਹਿਕੇ ਮਗਰੋਂ ਆਪ ਨੇ ਡੇਰੇ ਵਲ ਸੂਰਤ ਦਿਤੀ।

੯. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪ੍ਰੇਮ-

ਇਕ ਸਮੇਂ ਧਰਮਸਾਲਾ ਨੂੰ ਅੱਗ ਲਗ ਗਈ। ਸਭ ਕੁਛ ਪਿਆ ਸੜੇ,ਪਰ ਭਾਈ ਸਾਹਿਬ ਜੀ ਸ੍ਰੀਗੁਰੂ ਗ੍ਰੰਥ ਸਾਹਿਬ ਵਾਸਤੇ ਬਹੁਤ ਬੇਚੈਨ ਹੋਏ, ਅੱਗ ਦੇ ਵਿਚ ਛਾਲ ਮਾਰਨ ਲਗੇ ਤਾਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਕੱਢ ਲਿਆਉਣ। ਡੇਰੇ ਦੇ ਸਾਧਾਂ ਨੇ ਆਪ ਨੂੰ ਫੜ ਲਿਆ। ਭਾਈ ਜੀ ਬੇਬਸ ਹੋ ਗਏ, ਪਰ ਭਾਈ ਸਾਹਿਬ ਨੇ ‘ਧ੍ਰੋਹੀ ਬਾਬੇ ਨਾਨਕ ਜੀ ਦੀ’ ‘ਧ੍ਰੋਹੀ ਬਾਬੇ ਨਾਨਕ ਦੀ ਪੁਕਾਰ ਪਾ ਦਿਤੀ। ਪਿਆਰਿਆਂ ਨੇ ਆਪ ਨੂੰ ਨਾ ਛਡਿਆ। ਤਦੋਂ ਆਪ ਨੇ ਅਰਦਾਸਾ ਸੋਧਿਆ।

-੨੭-