ਪੰਨਾ:ਸੰਤ ਗਾਥਾ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਇਆ, ਆਕੇ ਅੱਗੇ ਰੱਖੀ, ਭਾਈ ਸਾਹਿਬ ਜੀ ‘ਧੰਨ ਗੁਰੂ ਨਾਨਕ’ ਦੀ ਧੁਨੀ ਵਿਚ ਮਸਤ ਸਨ। ਕਿੰਨੇ ਚਿਰ ਪਿਛੋਂ ਸੁਧ ਵਿਚ ਆਏ ਤਾਂ ਉਸ ਪ੍ਰੇਮੀ ਨੇ ਮੱਥਾ ਟੇਕਿਆ ਤੇ ਬੋਲਿਆ ‘ਜੀ ਇਹ ਲੋਈ ਹੈ, ਆਪ ਨੇ ਉਤੇ ਕਰਨੀ।’ ਭਾਈ ਸਾਹਿਬ ਜੀ ਪਾਸ ਉਸ ਤੋਂ ਕੁਛ ਚਿਰ ਪਹਿਲੇ ਇਕ ਗ਼ਰੀਬ ਨੇ ਬੇਨਤੀ ਕੀਤੀ ਸੀ ਕਿ ਜੀ ਮੈਂ ਪਾਲੇ ਨਾਲ ਠਰਦਾ ਹਾਂ, ਮੈਨੂੰ ਕੋਈ ਲੋਈ ਬਖਸ਼ੋ। ਸੰਤ ਰਾਮ ਕਿਸ਼ਨ ਜੀ ਉਹ ਲੋਈ ਉਸ ਲੋੜਵੰਦ ਨੂੰ ਦੇਣ ਲਗੇ ਤਾਂ ਪਾਸੋਂ ਇਕ ਸਾਧ ਭਾਈ ਧਰਮਦਾਸ ਨਾਮੇ- ਜੋ ਆਪ ਦਾ ਚੇਲਾ ਸੀ-ਕਹਿਣ ਲਗਾ ਜੀ ਇਹ ਲੋਈ ਦਾਸ ਨੂੰ ਦਿਓ ਤੇ ਦਾਸ ਪਾਸ ਜੋ ਲੋਈ ਹੈ, ਉਹ ਪੁਰਾਣੀ ਹੈ, ਉਹ ਇਸ ਨੂੰ ਦੇ ਦਿਓ। ਆਪ ਕਹਿਣ ਲਗੇ: ‘ਲੈ ਆ, ਭਾਈ, ਲੈ ਆ’। ਉਹ ਲੈਣ ਗਿਆ ਤਾਂ ਇੰਨੇ ਵਿਚ ਕਿਸੇ ਹੋਰ ਗ਼ਰੀਬ ਨੇ ਆਕੇ ਬੇਨਤੀ ਕੀਤੀ ‘ਜੀ ਮੈਂ ਬੀਮਾਰ ਹਾਂ ਤੇ ਪਾਲੇ ਨਾਲ ਠਰਦਾ ਹਾਂ ਕੋਈ ਮਿਹਰ ਕਰੋ’। ਆਪ ਜੀ ਨੇ ਉਹ ਨਵੀਂ ਲੋਈ ਉਸ ਨੂੰ ਉਸੇ ਵੇਲੇ ਦੇ ਦਿਤੀ। ਇੰਨੇ ਨੂੰ ਧਰਮ ਦਾਸ ਸਾਧੂ ਆਪਣੀ ਪੁਰਾਣੀ ਲੋਈ ਲੈ ਆਇਆ ਕਿ ਇਸ ਦੀ ਥਾਵੇਂ ਨਵੀਂ ਮਿਲੇਗੀ, ਪਰ ਸੰਤਾਂ ਨੇ ਧਰਮਦਾਸ ਤੋਂ ਉਹ ਪੁਰਾਣੀ ਲੋਈ ਲੈਕੇ ਪਹਿਲੇ ਸੁਆਲੀ ਨੂੰ ਦੇ ਦਿਤੀ। ਧਰਮ ਦਾਸ ਹੱਕਾ ਬੱਕਾ ਰਹਿ ਗਿਆ ਕਿ ਇਹ ਖੂਬ ਹੋਈ, ਨਵੀਂ ਲੈਣ ਆਇਆ ਤੇ ਪੁਰਾਣੀ ਬੀ ਗੁਆਈ। ਉਸ ਦੀ ਹਰਯਾਨੀ ਵੇਖਕੇ ਆਪ ਬੋਲੇ: ‘ਧਰਮਦਾਸਾ! ਓਹ ਦੋਨੋਂ ਦੁਖੀ ਨੇ, ਨਿਰਧਨ ਨੇ, ਤੈਂ ਉਨ੍ਹਾਂ ਨੂੰ ਕੱਜਿਆ ਹੈ। ਸਾਧੂ ਦਾ ਇਹੋ ਧਰਮ ਹੈ; ਦੂਸਰੇ ਨੂੰ ਕੱਜਣਾ, ਆਪ ਦੁਖ ਸੁਖ ਪਾਲਾ ਕੱਕਰ ਸਹਿਣਾ, ਦੂਏ ਦਾ ਪਾਲਾ ਗੁਆਉਣਾ, ਐਵੇਂ ਪਾਲੇ ਸਹਿਣ ਦਾ ਕੀਹ ਗੁਣ? ਦੂਏ ਨੂੰ ਨਿੱਘਿਆਂ ਕਰਕੇ ਪਾਲਾ ਹੇਂਵੀਏਂ ਇਹ ਗੁਰੂ ਘਰ ਦਾ ਤਿਆਗ ਹੈ। ਭਲਾ ਧਰਮਦਾਸਾ! ਤੂੰ ਨੰਗਿਆਂ ਨੂੰ ਕੱਜਿਆ ਹੈ, ਬਾਬਾ ਨਾਨਕ ਤੇਨੂੰ ਕੱਜਸੀ। ਗੁਰੂ ਬਾਬੇ ਵਲ ਤੱਕ। ਅੰਦਰਲੀ ਭੁੱਖ ਦੇ ਮਗਰ ਨਾ ਲੱਗ 'ਤੇ ਨਾ ਦਾਤਿਆਂ ਵਲ ਤੱਕ।’

-੨੯-