ਪੰਨਾ:ਸੰਤ ਗਾਥਾ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੁਨਿ ਲਗ ਰਹੀ ਸੀ, ਕੁਛ ਬੱਚੇ ਨਾਲ ਟੁਰ ਪਏ। ਉਹ ਬੀ ਅਦਬ ਨਾਲ ਜਾ ਰਹੇ ਸਨ ਤੇ ‘ਧੰਨ ਗੁਰ ਨਾਨਕ’ ਦਾ ਸੂਰ ਭਰ ਰਹੇ ਸਨ ਕਿ ਬਜ਼ਾਰ ਵਿਚ ਕੁਛ ਦੁਕਾਨਦਾਰਾਂ ਨੇ ਆਪ ਨੂੰ ਦੱਸਿਆ ਕਿ ਜੀ ਅਸਾਂ ਗੁਰੂ ਬਾਬੇ ਦੀ ਮੂਰਤਿ ਲਾਈ ਹੈ। ਆਪ ਤੱਕੇ; ਸੀਸ ਨਿਵਾਇਆ, ਪੰਜ ਆਨੇ ਦਾ ਪ੍ਰਸ਼ਾਦ ਦੇਕੇ ਖੇਤਾਂ ਵਿਚ ਚਲੇ ਗਏ, ਉਥੇ ਇਕ ਏਕਾਂਤ ਥਾਵੇਂ ਜੋੜਾ ਉਤਾਰ ਕੇ ਬਹਿ ਗਏ ਤੇ ਮੱਥਾ ਟੇਕਣ ਲਗ ਪਏ ਤੇ ਡਾਢੇ ਪ੍ਰੇਮ ਵਿਚ ਉਚਾਰੀ ਜਾਣ ‘ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ॥’ ਇੰਞ ਕਰਦੇ ਕਰਦੇ ਮਗਨ ਹੋ ਗਏ। ਬਹੁਤ ਚਿਰ ਉਸੇ ਰੰਗ ਵਿਚ ਟਿਕੇ ਰਹੇ। ਜਦੋਂ ਉਠੇ ਤਾਂ ਬਾਬੂ ਤਿਲੋਕ ਚੰਦ ਜੀ ਸਿਖੂਜੇ-ਜੋ ਛੋਟੀ ਅਵਸਥਾ ਦੇ ਉਸ ਵੇਲੇ ਨਾਲ ਸਨ-ਦੱਸਦੇ ਹਨ ਕਿ: ਅਸਾਂ ‘ਪੁਛਿਆ, ਮਹਾਰਾਜ! ਨਾ ਇਥੇ ਧਰਮਸਾਲ ਹੈ, ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਆਪ ਨੇ ਐਵੇਂ ਮੱਥੇ ਕਿਸ ਅੱਗੇ ਟੇਕੇ ਹਨ? ਤਾਂ ਬੋਲੇ ‘ਸਤਿਗੁਰੂ ਨਾਨਕ ਦੇਵ ਆਪਸਨ, ਬਾਬਾ ਜੀ ਆਏ ਸਨ, ਦਾਸ ਨੇ ਚਰਨ ਪਕੜ ਲਏ ਸਨ। ਬਚਿਓ! ਤੁਸਾਂ ਬਾਬਾ ਜੀ ਦਾ ਦਰਸ਼ਨ ਨਹੀਂ ਪਾਇਆ ਹੈ?’ ਫੇਰ ਆਪ ਧੰਨ ਗੁਰੂ ਨਾਨਕ ਦੇ ਰੰਗ ਲਗ ਪਏ ਤੇ ਅਸਾਂ ਡੇਰੇ ਆਕੇ ਸਾਧੂਆਂ ਨੂੰ ਇਹ ਵਾਰਤਾ ਸੁਣਾਈ।

੧੮. ਪ੍ਰਚਾਰ ਦੀ ਲਗਨ ਤੇ ਨਿੰਮ੍ਰਤਾ-

ਇਕ ਸਜਣ ਦੱਸਦੇ ਸਨ ਕਿ ਉਨ੍ਹਾਂ ਨੇ ਆਪਦਾ ਕਦੇ ਕਦੇ ਜਦੋਂ ਆਪ ਸ੍ਰੀ ਅੰਮ੍ਰਿਤਸਰ ਜੀ ਆਏ ਤਾਂ ਵਡੀ ਪ੍ਰਕਰਮਾਂ ਵਿਚ ਦਰਸ਼ਨ ਕੀਤਾ ਹੈ। ਪੰਜ ਸੱਤ ਸਾਧ ਤੇ ਗ੍ਰਿਹਸਤੀ ਨਾਲ ਹਨ, ਆਪ ਕੈਂਸੀਆਂ ਵਜਾ ਰਹੇ ਹਨ ਤੇ ਮਿੱਠੀ ਮਿੱਠੀ ਰਸ ਭਰੀ ‘ਧੰਨ ਗੁਰ ਨਾਨਕ' ਦੀ ਧੁਨੀ ਲਗ ਰਹੀ ਹੈ। ਇਸੇ ਤਰ੍ਹਾਂ ਸਾਰੀ ਵਡੀ ਪ੍ਰਕਰਮਾ ਤੇ ਸ੍ਰੀ ਬਾਬਾ ਸਾਹਿਬ ਦੀ ਯਾਤ੍ਰਾ ਮੁਕ ਗਈ ਹੈ। ਆਪਦਾ ਕੀਰਤਨ ਮਿੱਠਾ ਮਿੱਠਾ ਲਗਦਾ ਹੁੰਦਾ ਸੀ ਤੇ ਨਾਲ ਟੁਰਦਿਆਂ ਆ ਮੁਹਾਰਾ ਜੀ ਕਰਦਾ ਹੁੰਦਾ

-੪੦-