ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/46

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਲਗੇ, "ਗੁਰੂ ਦੇ ਕੀਰਤਨੀਏ ਦੇ ਸੰਤਾਨ ਨਹੀਂ ਹੈ? ਗੁਰੂ ਦੇ ਕੀਰਤਨੀਏ ਦੀ ਜੜ ਹਰੀ, ਤੁਸੀਂ ਗੁਰੂ ਦੇ ਕੀਰਤਨੀਏ ਹੋ, ਗੁਰੂ ਤੁਹਾਡੀ ਆਸਾ ਪੂਰੀ ਕਰੇਗਾ, ਤੁਹਾਡੇ ਘਰ ਹੀਰਾ ਜੰਮੇਰਾ, ‘ਧੰਨ ਗੁਰੂ ਨਾਨਕ' ‘ਧੰਨ ਗੁਰੂ ਨਾਨਕ' ਕਹਿੰਦੇ ਰਿਹਾ ਕਰੋ।" ਫੇਰ ਆਪ ਨੇ ਭਾਈ ਭਾਗ ਸਿੰਘ ਜੀ ਦੀ ਘਰ ਵਾਲੀ ਨੂੰ ਕਿਹਾ ਕਿ ਸੁਖਮਨੀ ਸਾਹਿਬ ਦਾ ਇਕ ਪਾਠ ਨਿਤਾਪ੍ਰਤੀ ਕਰਨਾ। ਇੰਨਾਂ ਕਹਿਕੇ ਆਪ ਨੇ ਜਲ ਦਾ ਕਟੋਰਾ ਮੰਗਵਾਇਆ। ਇਸ ਗੁਰਦਵਾਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੂਜੀ ਛਤ ਤੇ ਪ੍ਰਕਾਸ਼ ਹੁੰਦੇ ਸੀ, ਜਿਨ੍ਹਾਂ ਪਉੜੀਆਂ ਰਾਹੀਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਨੂੰ ਉਪਰ ਜਾਂਦੀਆਂ ਸਨ, ਉਥੋਂ ਚਰਨ ਧੂੜੀ ਲੈ ਕੇ ਜਲ ਵਿਚ ਪਾ ਦਿਤੀ ਤੇ ਜਲ ਛਕਣ ਦਾ ਹੁਕਮ ਦਿਤਾ।

ਭਾਈ ਭਾਗ ਸਿੰਘ ਜੀ ਦਾ ਕਥਨ ਹੈ ਕਿ ਭਾਈ ਰਾਮ ਕਿਸ਼ਨ ਜੀ ਦੇ ਇਸ ਵਰਦਾਨ ਤੋਂ ਪਿਛੋਂ ੧੧ ਮਹੀਨੇ ਬੀਤਣ ਤੇ ਇਨ੍ਹਾਂ ਦੇ ਘਰ ਵਾਹਿਗੁਰੂ ਨੇ ਭੁਯੰਗੀ ਬਖਸ਼ਿਆ। ਆਪ ਭੁਯੰਗੀ ਨੂੰ ਨਾਲ ਲੈ ਕੇ ਸ਼ਾਹ ਪਰ ਸੰਤ ਭਾਈ ਰਾਮ ਕਿਸ਼ਨ ਜੀ ਦੇ ਡੇਰੇ ਹਾਜ਼ਰ ਹੋਏ, ਚੋਲਾ ਪਾਉਣ ਤੇ ਨਾਮ ਸੰਸਕਾਰ ਇਥੇ ਹੀ ਹੋਇਆ। ਭਾਈ ਰਾਮ ਕਿਸ਼ਨ ਜੀ ਨੇ ਇਸ ਕਾਕੇ ਦਾ ਨਾਮ ਆਪਣੀ ਪਵਿਤਰ ਰਸਨਾ ਨਾਲ ‘ਹੀਰਾ ਸਿੰਘ’ ਰਖਿਆ। ਇਹ ਹੀ ਵਡੇ ਹੋਕੇ ਭਾਈ ਹੀਰਾ ਸਿੰਘ ਜੀ ਖਾਲਸਾ ਪੰਥ ਦੇ ਅਮੋਲਕ ਹੀਰੇ ਬਣੇ ਤੇ ਗੁਰੂ ਘਰ ਦੇ ਅਨਿੰਨ ਸਿਖ, ਕਥਨੀ ਦੇ ਪੂਰੇ, ਕਰਨੀ ਦੇ ਸੂਰੇ ਤੇ ਗੁਰੂ ਘਰ ਦੇ ਉਹ ਅਦੁਤੀ ਕੀਰਤਨੀਏ ਹੋਏ ਕਿ ਆਪ ਨੇ ਆਪਣੀ ਕੀਰਤਨ ਸ਼ਕਤੀ ਨਾਲ ਕੱਟਰ ਤੋਂ ਕੱਟਰ ਨਾਸਤਕਾਂ ਨੂੰ ਗੁਰੂ ਦੀ ਸ਼ਰਨ ਆਂਦਾ, ਕਈ ਆਰਯ ਸਮਾਜੀਆਂ ਦੇ ਦਿਲਾਂ ਵਿਚ ਸਿਖੀ ਦਾ ਪਿਆਰ ਉਪਜਾਇਆ, ਮੁਸਲਮਾਨਾਂ ਦੇ ਮੂੰਹ ਤਾਂ ‘ਧੰਨ ਗੁਰੂ ਨਾਨਕ’ ‘ਧੰਨ ਗੁਰੂ ਨਾਨਕ' ਕਹਿਲਵਾਇਆ ਤੇ ੨੫-੨੫ ਤੇ ੩੦-੩੦ ਹਜ਼ਾਰ ਆਦਮੀਆਂ ਦੇ ਇਕੱਠ ਨੂੰ ਰੱਬੀ ਰੰਗ ਵਿਚ ਝੁਮਾਇਆ।

ਹੋਰ ਇਸ ਤਰ੍ਹਾਂ ਦੇ ਅਨੇਕਾਂ ਪ੍ਰਸੰਗ ਸੁਣਨ ਵਿਚ ਆਉਂਦੇ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਸੀ ਭਾਈ ਰਾਮ ਕਿਸਨ ਜੀ ਨੂੰ ਵਾਕ

-੪੩-