ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਧੀ ਪ੍ਰਾਪਤ ਸੀ। ਆਪ ਦੇ ਬਚਨ ਸਦੀਵ ਸਫਲ ਹੁੰਦੇ ਸਨ ਤੇ ਜੋ ਕੁਛ ਸਹਿ ਸੁਭਾ ਫੁਰਮਾਉਂਦੇ ਪੂਰਾ ਹੋਏ ਬਿਨਾਂ ਨਹੀਂ ਰਹਿੰਦਾ ਸੀ। ਪਰ ਆਪ ਐਸਾ ਕੋਈ ਵਾਕ ਕਿਸੇ ਉਮਾਹੂ ਉਭਾਰ ਵੇਲੇ ਪਰਉਪਕਾਰ ਵਿਚ ਕਹਿੰਦੇ ਸਨ। ਨਾਟਕ ਚੇਟਕ ਲਈ ਆਪ ਤੋਂ ਕਦੇ ਕੋਈ ਕ੍ਰਿਸ਼ਮਾ ਨਹੀਂ ਹੋਇਆ।

੨੦. ਧਰਮੇ ਦਾ ਖਾਰਾ ਖੂਹ ਮਿੱਠਾ ਹੋਯਾ—

ਸ੍ਰੀ ਭਾਈ ਰਾਮ ਕਿਸ਼ਨ ਸਾਹਿਬ ਜੀ ਇਕਦਿਨ ਧਰੇਮੇ ਪਿੰਡ ਗਏ ਜੋ ਸ਼ਾਹ ਪੁਰ ਤੋਂ ੧੪ ਮੀਲ ਹੈ ਤੇ ਸਰਗੋਧੇ ਤੋਂ ੮ ਮੀਲ ਉਰੇ ਹੈ। ਸਭ ਲੋਕਾਂ ਨੂੰ ਨਾਮ ਬਾਣੀ ਵਿਚ ਲਾਉਂਦੇ ਸਤਿਸੰਗ ਕਰਦੇ ਇਕ ਪ੍ਰੇਮੀ ਤੋਂ ਜਲ ਮੰਗਿਆ ਕਿ ਤ੍ਰਿਖਾ ਲਗੀ ਹੈ। ਪ੍ਰੇਮੀ ਅੱਧ ਮੀਲ ਦੀ ਵਾਟ ਤੋਂ ਲੈਣ ਗਿਆ, ਦੇਰ ਲਗੀ ਤਾਂ ਫਿਰ ਸੰਤਾਂ ਕਿਹਾ ਗੁਰਦਵਾਰੇ ਦੀ ਖੂਹੀ ਤਾਂ ਇਹ ਪਾਸ ਹੈ ਤੇ ਜਲ ਮੰਗਿਆ ਸੀ ਡੇਰ ਕਿਉਂ ਹੋ ਗਈ? ਪਾਸੋਂ ਪ੍ਰੇਮੀ ਕਹਿਣ ਲਗੇ ਜੀ ਇਸ ਖੂਹੀ ਦਾ ਜਲ ਖਾਰਾ ਹੈ ਤੇ ਸਰਕਾਰੀ ਖੂਹ ਦਾ ਜਲ ਮਿੱਠਾ ਹੈ ਜੋ ਅੱਧ ਮੀਲ ਦੀ ਵਿੱਥ ਤੇ ਹੈ, ਉਥੋਂ ਪ੍ਰੇਮੀ ਜਲ ਲੈਣ ਗਿਆ ਹੈ, ਆ ਜਾਂਦਾ ਹੈ ਹੁਣੇ। ਭਾਈ ਸਾਹਿਬ ਜੀ ਕਹਿਣ ਲਗੇ ‘ਭਾਈ! ਬਾਬੇ ਨਾਨਕ ਦੀ ਖੂਹੀ ਦਾ ਜਲ ਖਾਰਾ ਹੋਵੇ ਤੇ ਸਰਕਾਰੀ ਖੂਹੀ ਦਾ ਮਿੱਠਾ, ਇਹ ਨਹੀਂ ਹੋ ਸਕਦਾ। ਲਿਆਓ ਜਲ, ਇਥੋਂ ਹੀ ਲੈ ਆਓ, ਨਾਲੇ ਪਤਾਸੇ ਲੈ ਆਓ ਖੂਹ ਦਾ ਮੂੰਹ ਮਿੱਠਾ ਕਰਾਈਏ।' ਸਾਰੇ ਪਿੰਡ ਵਿਚੋਂ ਪਤਾਸੇ ਮੰਗਵਾਏ ਗਏ ਤੇ ਖੂਹੀ ਵਿਚ ਪਾਏ ਗਏ। ਫੇਰ ਆਪ ਨੇ ਅਰਦਾਸਾ ਕੀਤਾ, ਜਲ ਕੱਢਿਆ, ਆਪ ਨੇ ਜਲ ਛਕਿਆ, ਸੰਗਤਾਂ ਛਕਿਆ, ਸਵਾਦ ਉਸ ਵੇਲੇ ਬਦਲ ਗਿਆ ਤੇ ਦਿਨੋ ਦਿਨ ਜਲ ਖਾਰਾਪਨ ਛਡਦਾ ਗਿਆ। ਜਲ ਇੰਨਾ ਚੰਗਾ ਹੋ ਗਿਆ ਕਿ ਸਭ ਸੰਗਤਾਂ ਉਥੋਂ ਪਾਣੀ ਭਰਦੀਆਂ ਸਨ। ਅਗੇ ਦਾਲ ਬੀ ਨਹੀਂ ਸੀ ਗਲਦੀ, ਫੇਰ ਗਲਣ ਲਗ ਪਈ। ਸੰਤਾਂ ਦੀ ਅਰਦਾਸ ਸੁਣੀ ਗਈ। ਇਹ ਪਰਉਪਕਾਰ ਧਰੇਮੇ ਦੇ ਪ੍ਰੇਮੀਆਂ ਪਰ

-੪੪-