ਪੰਨਾ:ਸੰਤ ਗਾਥਾ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝਾੜੂ ਦੇਂਦੇ ਤੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹੋਣ। ਯੋਗੀ ਜੀ ਆਪ ਜੀ ਦੇ ਪਾਸ ਹਾਜ਼ਰ ਹੋਏ ਤੇ ਆਪਣੇ ਜਾਣ ਦੀ ਇੱਛਾ ਪ੍ਰਗਟ ਕੀਤੀ। ਫਿਰ ਜੋਗੀ ਨੇ ਚਾਬੀ ਭਾਈ ਜੀ ਨੂੰ ਦਿੱਤੀ ਤੇ ਕਿਹਾ ਕਿ ਕੋਠੜੀ ਦਾ ਦਰਵਾਜ਼ਾ ਆਪਣੇ ਹੱਥੀਂ ਖੋਹਲਣਾ ਤੇ ਅਲਮਾਰੀ ਵਿਚ ਜੋ ਰੁੱਕਾ ਪਿਆ ਹੈ ਉਸ ਨੂੰ ਆਪ ਜੀ ਨੇ ਖੁਦ ਧਿਆਨ ਨਾਲ ਵਾਚਣਾ। ਭਾਈ ਜੀ ਗਲ ਸੁਣਕੇ ਮੁਸਕਰਾਏ। ਆਪ ਜੀ ਯੋਗੀ ਦੀ ਰਮਜ਼ ਨੂੰ ਸਮਝ ਗਏ ਸਨ।

ਸਮਰਥਾਵਾਨ ਫਕੀਰ ਆਪਣੀ ਸਮਰਥਾ ਵਿਖਾਉਣ ਵਿਚ ਬੜੇ ਸੰਕੋਚ ਵਿਚ ਹੁੰਦੇ ਹਨ, ਕਿਸੇ ਗਰੀਬ, ਦੀਨ ਤੇ ਦੁਖੀ ਤੇ ਤ੍ਰੱਠਕੇ ਰਜ਼ਾ ਵਿਚ ਭਾਵੇਂ ਉਹ ਕੁਛ ਵਿਖਾਉਣ, ਨਹੀਂ ਤਾਂ ਆਪਣੇ ਸੁਖ ਤੇ ਆਰਾਮ ਲਈ ਘੱਟ ਹੀ ਇਨ੍ਹਾਂ ਚੀਜ਼ਾਂ ਨੂੰ ਵਰਤਦੇ ਹਨ। ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਬਾਬਤ ਇਹ ਗੁਰ ਵਾਕ ਪ੍ਰਸਿਧ ਹੈ:-

ਸੀਸ ਦੀਆ ਪਰ ਸਿਰਰੁ ਨ ਦੀਆ॥

ਭਾਈ ਬੁੱਧੂ ਸਾਹਿਬ ਜੀ ਦੇ ਸਾਹਮਣੇ ਦੋ ਗੱਲਾਂ ਸਨ, ਯੋਗੀ ਦਾ ਦੁਨਿਆਵੀ ਦਿਖਾਵੇ ਤੇ ਰੀਝਣਾ ਤੇ ਅਸਲੀਅਤ ਵਲੋਂ ਅਨਜਾਣ ਹੋਣਾ। ਇਸ ਡੇਰੇ ਵਿਚ ਆਕੇ ਨਿਰਾਸ ਜਾਣਾ। ਯੋਗੀ ਦੀ ਨਵੀਂ ਰਮਜ਼ ਸਮਝਕੇ ਆਪ ਨੂੰ ਉਸ ਤੇ ਦਯਾ ਆਈ, ਉਹਦੇ ਹਥੋਂ ਚਾਬੀ ਲੈ ਲਈ ਤੇ ਕਹਿਣ ਲਗੇ: ਯੋਗੀ ਜੀ! ਬਾਹਰੋਂ ਇਕ ਇੱਟ ਫੜਾਉਣਾ। ਯੋਗੀ ਜੀ ਨੇ ਕਮਰੇ ਵਿਚੋਂ ਬਾਹਰ ਨਿਕਲ ਇਕ ਇੱਟ ਵੇਖੀ, ਉਸ ਨੂੰ ਜਾਕੇ ਚੁਕਣ ਲੱਗੇ ਤਾਂ ਦੇਖਿਆ ਕਿ ਉਹ ਸੋਨੇ ਦੀ ਹੈ। ਅਸਚਰਜ ਹੋਕੇ ਜੋਗੀ ਨੇ ਇਕ ਹੋਰ ਪੱਬਰ ਜਿਹੇ ਨੂੰ ਹੱਥ ਪਾਇਆ ਤਾਂ ਉਹ ਬੀ ਸੋਨੇ ਦਾ ਦਿੱਸਿਆ। ਗੱਲ ਕੀ ਗੁਰਦਵਾਰੇ ਦੇ ਇਹਾਤੇ ਵਿਚ ਪਈ ਜਿਸ ਇੱਟ ਤੇ ਰੋੜੇ ਨੂੰ ਯੋਗੀ ਨੇ ਹੱਥ ਲਾਇਆ ਉਸ ਨੂੰ ਉਹ ਹੀ ਸੋਨੇ ਦਾ ਹੋ ਦੱਸਿਆ। ਇਹ ਤੱਕ ਕੇ ਯੋਗੀ ਜੀ ਘਬਰਾ ਗਏ, ਚਾਂਦੀ ਬਨਾਉਣ ਵਾਲੇ ਬਿੱਲ ਦੇ ਰੱਖ ਆਉਣ ਤੋਂ ਬੜੇ ਲੱਜਿਤ ਹੋਏ। ਭਾਈ ਬੁੱਧੂ ਸਾਹਿਬ ਦੀ ਕੀਮੀਆਗਰ ਨਜ਼ਰ ਤੇ ਰਸਾਇਣੀ ਜ਼ਬਾਨ ਦਾ ਉਨ੍ਹਾਂ ਦੇ

-੬੪ -