ਪੰਨਾ:ਸੰਤ ਗਾਥਾ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੱਚਰਾਂ ਤੇ ਲੱਦਕੇ ਮਾਲ ਲਿਆਉਂਦੇ ਹਨ। ਇਸ ਤਰ੍ਹਾਂ ਸੈਂਕੜੇ ਨਹੀਂ, ਹਜ਼ਾਰਾਂ ਦੀ ਗਿਣਤੀ ਵਿਚ ਨਿਤਾਪ੍ਰਤੀ ਪਸ਼ੂ ਸ਼ਹਿਰ ਵਿਚ ਆਉਂਦੇ ਹਨ। ਇਸ ਰੁੱਤੇ ਉਂਜ ਗਰਮੀ ਹੁੰਦੀ ਹੈ, ਦੂਜਾ ਸਫ਼ਰ ਜਾਨਵਰਾਂ ਨੂੰ ਪਾਣੀ ਖੁਣੋਂ ਵਿਆਕੁਲ ਕਰ ਦੇਂਦਾ ਹੈ। ਮਾਲਕ ਅਨਾਜ ਮੰਡੀ ਵਿਚ ਸੁੱਟਕੇ ਉਹਦੇ ਵੇਚਣ ਵਲ ਲੱਗ ਜਾਂਦੇ ਹਨ ਤੇ ਇਨ੍ਹਾਂ ਪਸ਼ੂਆਂ ਦੀ ਖ਼ਬਰਦਾਰੀ ਠੀਕ ਠੀਕ ਨਹੀਂ ਸੀ ਹੁੰਦੀ, ਪਰ ਭਾਈ ਸੁਵਾਇਆ ਸਿੰਘ ਜੀ ਇਨ੍ਹਾਂ ਦਿਨਾਂ ਵਿਚ ਇਨ੍ਹਾਂ ਪਸ਼ੂਆਂ ਨੂੰ ਠੰਢੇ ਤੇ ਨਿਰਮਲ ਜਲ ਛਕਾਉਂਦੇ ਫਿਰਦੇ ਦਿਖਾਈ ਦਿਤਾ ਕਰਦੇ ਸਨ। ਆਪ ਦੇ ਇਨ੍ਹਾਂ ਯਤਨਾਂ ਨੇ ਲੋਕਾਂ ਦੀ ਰੁਚੀ ਨੂੰ ਵੀ ਇਸੇ ਪਾਸੇ ਮੋੜਿਆ ਤੇ ਕਈ ਥਾਈਂ ਖੂਹਾਂ ਦੇ ਨਾਲ ਛੋਟੇ ਛੋਟੇ ਚੁਬੱਚੇ ਪਾਣੀ ਦੇ ਬਣ ਜਾਣ ਲੱਗੇ ਤੇ ਅਜਿਹੇ ਚੁਬੱਚੇ ਲਗ ਪਗ ਹਰ ਇਕ ਗਲੀ ਤੇ ਬਾਜ਼ਾਰ ਵਿਚ ਇਕ ਇਕ ਦੋ ਦੋ ਬਣ ਗਏ। ਹੁਣ ਉਨ੍ਹਾਂ ਵਿਚ ਮਿਊਨਿਸੀਪਲ ਕਮੇਟੀ ਦੇ ਨਲਕੇ ਲਗ ਗਏ ਹਨ, ਜਿਹੜੇ ਕਿ ਸੁਥਰਾ ਪਾਣੀ ਪਸ਼ੂਆਂ ਲਈ ਚੁਬੱਚਿਆਂ ਵਿਚ ਭਰਦੇ ਰਹਿੰਦੇ ਹਨ, ਪਰ ਉਸ ਸਮੇਂ ਬੇਜ਼ੁਬਾਨਾਂ ਦੀ ਇਸ ਪੀੜ ਨੂੰ ਆਪ ਨੇ ਹੀ ਪਛਾਣਿਆਂ ਤੇ ਉਸ ਦਾ ਸਦਕਾ ਅਜ ਪਸ਼ੂ ਸੁਖੀ ਹਨ। ਆਪ ਜੀ ਦੇ ਸੁਹਿਰਦ ਮਨ, ਮ੍ਰਿਦੁਲ ਸੁਭਾਉ, ਵਿਸ਼ਾਲ ਚਿਤ, ਦਰਦ ਵਾਲੇ ਦਿਲ ਤੇ ਨਿਸ਼ਕਾਮ ਸੇਵਾ ਨੂੰ ਵੇਖਕੇ ਸ਼ਹਿਰ ਵਿਚ ਆਪ ਦਾ ਪਿਆਰ ਤੇ ਸਤਿਕਾਰ ਵਧ ਗਿਆ ਤੇ ਕਈ ਪ੍ਰੇਮੀ ਆਪਣੇ ਤਨ ਧਨ ਨੂੰ ਸਫ਼ਲਾ ਕਰਨ ਲਈ ਆਪ ਦੇ ਹੁਕਮ ਨਾਲ ਸੇਵਾ ਵਿਚ ਲਗ ਪਏ।

੩. ਚਾਟੀਵਿੰਡ ਦਰਵਾਜ਼ੇ ਪਾਸ ਖੂਹ ਤੇ ਟੂਟੀਆਂ-

ਅਨਾਜ ਦੀ ਮੰਡੀ ਚਾਟੀਵਿੰਡ ਦੇ ਦਰਵਾਜ਼ੇ ਵਾਲੇ ਪਾਸੇ ਲਗਦੀ ਹੈ। ਸ਼ਹਿਰ ਦੇ ਬਹੁਤ ਗੁੱਜਰ ਗਾਈਆਂ ਮਹੀਆਂ ਨੂੰ ਲੈਕੇ ਇਸ ਦਰਵਾਜ਼ੇ ਥਾਣੀਂ ਬਾਹਰ ਜਾਂਦੇ ਤੇ ਲੌਢੇ ਪਹਿਰ ਡੰਗਰਾਂ ਨੂੰ ਨਾਲ ਲੈਕੇ ਮੁੜਦੇ ਹਨ। ਤਰਨ ਤਾਰਨ ਦੇ ਮਾਝੇ ਵਿਚ ਜਾਣ ਵਾਲੇ ਯੱਕਿਆਂ ਆਦਿਕਾਂ ਦਾ ਅੱਡਾ ਇਹੋ ਹੀ ਸੀ ਤੇ ਸ਼ਮਸ਼ਾਨ ਭੂਮੀ ਵੀ ਇਸੇ ਦਰਵਾਜ਼ੇ ਦੇ

-੮੮-