ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਦੇ ਰਾਹਾਂ ਵਿਚਲੇ ਲੱਖੀ ਜੰਗਲ ਤੇ ਉਸਦਾ ਚੌਗਿਰਦਾ ਲੋਕ ਬਣਦੇ ਹਨ। ਹਰ ਵੇਲੇ ਸੋਫ਼ੀ ਹੁੰਦੇ ਹੋਏ ਵੀ ਉਹ ਸ਼ਰਾਬੀਆਂ ਵਾਂਗ ਸ਼ਾਇਰੀ ਨਾਲ ਸਰੂਰਿਆ ਰਹਿੰਦਾ ਹੈ।

ਗੁਰਭਜਨ ਗਿੱਲ ਵਿਭਿੰਨ ਕਾਵਿ-ਰੂਪਾਂ ਵਿਚ ਰਚਨਾ ਕਰਨ ਵਾਲਾ ਸਰੋਦੀ ਕਵੀ ਹੈ। ਭਾਵੇਂ ਬੁਨਿਆਦੀ ਤੌਰ ਤੇ ਉਹ ਇਕ ਗੀਤਕਾਰ ਹੈ; ਪਰ ਇਹਨਾਂ ਰੁਬਾਈਆਂ ਵਿਚ ਉਸਦੀ ਗ਼ਜ਼ਲ ਕਾਵਿ-ਰੂਪ ਵਾਲੀ ਪ੍ਰਤੀਧੁਨੀ ਗੂੰਜਦੀ ਸੁਣਦੀ ਹੈ। ਇਹਨਾਂ ਰੁਬਾਈਆਂ ਵਿਚ ਲੋਕ-ਕਾਵਿ ਦੀ ਲੈਅਮਈ ਪੈੜਚਾਲ ਵੀ ਪ੍ਰਤੱਖ ਹੁੰਦੀ ਹੈ।

ਉੱਡ ਉੱਡ ਚਿੜੀਏ ਨੀ, ਤੂੰ ਬਹਿ ਗਈ ਟਾਹਣੀ
ਅੰਬਰ ਵਿਚ ਪਹੁੰਚ ਗਏ, ਸਭ ਤੇਰੇ ਹਾਣੀ।
ਖੰਭਾਂ ਨੂੰ ਤੁਰਤ ਜਗਾ ਤੇ ਫੁਰਤੀ ਫੜ ਲੈ,
ਬੈਠੀ ਤਾਂ ਬਣ ਜਾਣਾ, ਤੇਰੇ ਖੂਨ ਦਾ ਪਾਣੀ।

ਉਸ ਦਾ ਠੇਠ ਪੰਜਾਬੀ ਲਹਿਜ਼ਾ ਉਸ ਦੀ ਕਾਵਿਕ ਰਵਾਨੀ ਨੂੰ ਹੋਰ ਵੀ ਵੇਗਮਈ ਬਣਾ ਦਿੰਦਾ ਹੈ। ਉਸਦੀਆਂ ਰੁਬਾਈਆਂ ਵਿਚ ਵਿਭਿੰਨ ਰੰਗਾਂ ਦੇ ਕੋਲਾਜ ਬਣਦੇ ਹਨ। ਲੋਕ-ਕਾਵਿ ਤੋਂ ਲੈ ਕੇ ਮੌਜੂਦਾ ਦੌਰ ਦੇ ਹਰ ਮਸਲੇ ਨੂੰ ਉਸ ਨੇ ਆਪਣੀਆਂ ਰੁਬਾਈਆਂ ਦੇ ਰੰਗ ਵਿਚ ਘੋਲਿਆ ਹੋਇਆ ਹੈ। ਕਿਸਾਨ ਦੀ ਮੌਜੂਦਾ ਸਥਿਤੀ ਨੂੰ ਵੇਖੋ ਕਿਸ ਅੰਦਾਜ਼ ਵਿਚ ਬਿਆਨਿਆ ਹੈ:

ਮੇਰਾ ਹੈ ਵਡੇਰਾ ਇਹ ਜੋ ਗੱਡੇ 'ਤੇ ਸਵਾਰ ਹੈ।
ਖੇਤਾਂ ਵਾਲਾ ਰਾਜਾ ਹੋ ਕੇ, ਬੜਾ ਅਵਾਜ਼ਾਰ ਹੈ।
ਦਾਣਿਆਂ ਦੀ ਮੰਡੀ ਹੁਣ ਟੱਬਰ ਨਾ ਪਾਲਦੀ,
ਕਰਜ਼ੇ ਦੀ ਪੰਡ ਵੱਡੀ ਸਿਰ 'ਤੇ ਸਵਾਰ ਹੈ।

ਇਹਨਾਂ ਚਾਰ ਸਤਰਾਂ ਵਿਚ ਕਵੀ ਨੇ ਪੰਜਾਬ ਦੀ ਕਿਰਸਾਣੀ ਤੇ ਉਸ ਦੇ ਕਰਜ਼ਈ ਹੋ ਕੇ ਵਿਚਰਨ ਦੀ ਹਾਲਤ ਨੂੰ ਸੰਖੇਪ ਵਿਚ ਉਜਾਗਰ ਕਰ ਦਿੱਤਾ ਹੈ।

ਔਰਤ ਦੇ ਕੁਦਰਤੀ ਸੌਂਦਰਯ ਨੂੰ ਉਸ ਨੇ ਆਦਰਯੋਗ ਥਾਂ ਦਿੱਤੀ ਹੈ। ਉਹ ਧੀਆਂ-ਧਿਆਣੀਆਂ ਲਈ‘ਹਾਅ ਦਾ ਨਾਅਰਾ' ਮਾਰਦਾ ਹੈ। ਰੁੱਖਾਂ, ਕੁੱਖਾਂ ਤੇ ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਨੂੰ ਉਹ ਆਸਵੰਤ ਹੋ ਕੇ ਦੇਖਦਾ ਹੈ ਅਤੇ ਹਨੇਰਿਆਂ ਵਿਚ ਜੁਗਨੂੰ ਟਿਮਟਾਉਂਦੇ ਹੋਏ ਦਿਖਾ ਕੇ ਚਾਨਣ ਦੀ ਬਾਂਹ ਫੜਦਾ ਹੈ। ਧਰਤੀ ਤੇ ਮਾਂ-ਬੋਲੀ ਪ੍ਰਤੀ ਹਮੇਸ਼ਾ ਦੇਣਦਾਰ ਵਾਂਗ ਨਿਮਰ ਰਹਿੰਦਾ ਹੈ। ਤਿੰਨਾਂ ਮਾਂਵਾਂ ਦਾ ਸਾਂਝਾ ਦੁੱਖ ਇਸ ਰੁਬਾਈ ਵਿਚੋਂ ਝਲਕਦਾਵੇਖੋ:

ਜੰਮਣਹਾਰੀ ਵਾਂਗਰਾਂ ਧਰਤੀ ਮਾਂ ਦਾ ਹਾਲ

ਸੰਧੂਰਦਾਨੀ/12