ਪੰਨਾ:ਹਾਏ ਕੁਰਸੀ.pdf/103

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਡਿਆਂ ਦੇ ਢੇਰ ਵਿਚੋਂ ਚਾਰ ਗੁਡੇ ਲੈ ਕੇ ਝਪਦੇ ਨਾਲ ਪੋੜੀਆਂ ਉਤਰ ਕੇ ਆਪਣੇ ਕੋਠੇ ਤੇ ਜਾ ਚੜ੍ਹੀ ਤੇ ਜਾ ਕੇ ਫੇਰ ਪਤੰਗਾਂ ਉਡਾਣ ਲਗ ਪਈ । ਹੋਰ ਵੀ ਅਨੇਕਾਂ ਗਲਾਂ ਪ੍ਰੋਫੈਸਰ ਗਿਆਨ ਨੇ ਉਸ ਬਾਰੇ ਸੁਣੀਆਂ ਤੇ ਝਕਦੇ ਝਕਦੇ ਨੇ ਉਹਦੀ ਟਿਊਸ਼ਨ ਰਖ ਲਈ । ਲੋਕ ਉਸ ਨੂੰ 'ਬੁਰੀ ਕੁੜੀ' ਦੇ ਨਾਂ ਨਾਲ ਸਦਦੇ ਪਰ ਪ੍ਰੋਫੈਸਰ ਨੇ ਫੇਰ ਵੀ ਉਹਦੀ ਟਿਊਸ਼ਨ ਰਖ ਲਈ ।
ਉਹ ਸਵਾ ਸੌ ਰੁਪਿਆ ਮਹੀਨਾ ਟਿਊਸ਼ਨ ਦਾ ਲੈਂਦਾ ਸੀ । ਉਸ ਨੇ ਕੇਵਲ ਨੂੰ ਪੜ੍ਹਾਇਆ ਤੇ ਖੂਬ ਪੜ੍ਹਾਇਆ ਤੇ ਨਾਲ ਦੀ ਨਾਲ ਉਹਦਾ ਮਨੋ-ਵਿਗਿਆਨਕ ਵਿਸ਼ਲੇਸ਼ਨ ਵੀ ਕੀਤਾ । ਕੇਵਲ ਉਹਨੂੰ ਖੁਲ੍ਹੇ ਸੁਭਾ ਦੀ ਪ੍ਰਤੀਤ ਹੋਈ ਤੇ ਉਸ ਬਾਰੇ ਜਿਨਸੀ ਭੁਖ ਦੀਆਂ ਗਲਾਂ ਉਹਨੂੰ ਨਿਰਮੂਲ ਲਗੀਆਂ । ਗਿਆਨ ਨੇ ਕੇਵਲ ਨੂੰ ਸਮਝਿਆ ਤੇ ਕੇਵਲ ਨੇ ਗਿਆਨ ਨੂੰ । ਕੇਵਲ ਬਾਰੇ ਸਾਰੀਆਂ ਗੱਲਾਂ ਦਾ ਸਰਦਾਰ ਮਹੰਤਾ ਸਿੰਘ ਨੂੰ ਵੀ ਪਤਾ ਲਗਾ । ਉਹਨਾਂ ਨੇ ਉਹਦਾ ਵਿਆਹ ਕਰ ਦੇਣ ਦੀ ਸਲਾਹ ਕੀਤੀ ਤੇ ਫੇਰ ਇਕ ਦਿਨ ਉਹਦੀ ਕੁੜਮਾਈ ਕਰ ਦਿੱਤੀ ।
ਕੇਵਲ ਕੌਰ ਕੁੜਮਾਈ ਤੇ ਵਿਆਹ ਲਈ ਤਿਆਰ ਨਹੀਂ ਸੀ ਉਸਨੇ ਆਪਣੇ ਮਾਪਿਆਂ ਦੇ ਕੰਨਾਂ ਤਕ ਆਪਣੀ ਮਰਜ਼ੀ ਪੁਚਾਈ, ਪਰ ਕਿਸੇ ਨੇ ਉਹਦੀਆਂ ਗਲਾਂ ਵਲ ਧਿਆਨ ਨਾ ਦਿਤਾ | ਇਹ ਸਾਰੀਆਂ ਗਲਾਂ ਪ੍ਰੋਫੈਸਰ ਗਿਆਨ ਕਪੜੇ ਪਾਂਦਾ ਸੋਚੀ ਗਿਆ | ਫਿਰ ਇਕ ਦਿਨ ਕੇਵਲ ਆਪਣੀ ਗਲ ਨਾ ਮੰਨੀ ਜਾਣ ਕਾਰਨ ਸਾਰਾ ਦਿਨ ਰੋਂਦੀ ਰਹੀ । ਜਦ ਪ੍ਰੋਫੇਸਰ ਗਿਆਨ ਉਹਨੂੰ ਪੜ੍ਹਾਣ ਗਿਆ ਤਾਂ ਉਹਨੇ ਉਹਦੀਆਂ ਅੱਖਾਂ ਸੁਜੀਆਂ ਹੋਈਆਂ ਵੇਖੀਆਂ । ਜਦ ਗਿਆਨ ਨੇ ਉਹਨੂੰ ਅਖਾਂ ਬਾਰੇ ਪੁਛਿਆ ਤਾਂ ਉਹ ਫਿਸ ਪਈ ਤੇ ਰੋ ਕੇ ਬੋਲੀ, 'ਪ੍ਰੋਫੇਸਰ ਸਾਹਿਬ ਤੁਸੀਂ ਪਾਪਾ ਜੀ ਨੂੰ ਸਮਝਾਉ, ਮੈਂ ਉਥੇ ਵਿਆਹ ਨਹੀਂ ਕਰਵਾਣਾ ਚਾਹੁੰਦੀ ।
'ਆਖਰ ਕਿਉਂ,' ਗਿਆਨ ਨੇ ਉਹਨੂੰ ਪੁਛਿਆ ।
'ਮੈਂ ਹਾਲੀ ਵਿਆਹ ਨਹੀਂ ਕਰਵਾਣਾ ਚਾਹੁੰਦੀ' ਕੇਵਲ ਨੇ ਉਤਰ ਦਿਤਾ ।
'ਪਰ ਆਖਰ ਤਾਂ ਵਿਆਹ ਕਰਵਾਣਾ ਹੀ ਹੈ ਨਾਂ ।'
'ਹਾਂ, ਪਰ ਹਾਲੀ ਨਹੀਂ । ਕੰਮ ਸੇ ਕੰਮ, ਮੇਰਾ ਵਿਆਹ ਉਥੇ ਨਹੀਂ ਹੋਣਾ ਚਾਹੀਦਾ |'

੯੯