"ਇਹ ਜਗ ਕੋਈ ਚੀਜ਼ ਨਹੀਂ, ਫਿਰ ਬੰਦਾ ਮੋਹ ਮਾਇਆ ਵਿਚ ਕਿਉਂ ਫਸੇ।" ਉਸ ਉਤਰ ਦਿੱਤਾ।
"ਮੋਹ ਮਾਇਆ ਵਿਚ, ਬੀਬੀ ਜੀ, ਬੰਦਾ ਇਸ ਲਈ ਫਸੇ ਕਿ ਜਗ ਵਿਚ ਮੋਹ ਮਾਇਆ ਬਿਨਾਂ ਗੁਜ਼ਾਰਾ ਨਹੀਂ, ਧੀਆਂ ਪੁੱਤਰ, ਪਤੀ ਪਤਨੀ ਸਭ ਮੋਹ ਮਾਇਆ ਦਾ ਇਕ ਜਾਲ ਹੈ ਤੇ ਇਸ ਜਾਲ ਵਿਚੋਂ ਕੋਈ ਵਿਰਲਾ ਹੀ ਸਵਤੰਤਰ ਨਿਕਲ ਸਕਦਾ ਹੈ।” ਮੈਂ ਆਖਿਆ,।
"ਇਹਨਾਂ ਸਾਕਾਂ ਦਾ ਇਕ ਦੂਜੇ ਬਿਨਾਂ ਗੁਜ਼ਾਰਾ ਨਹੀਂ।" ਉਹ ਬੋਲੀ।
"ਮੇਰਾ ਤੁਹਾਡੇ ਬਿਨਾਂ ਗੁਜ਼ਾਰਾ ਨਹੀਂ ਮੈਂ ਉਤਰ ਵਜੋਂ ਬੋਲਿਆ, "ਤੁਸੀਂ ਮੈਨੂੰ ਬੜੇ ਚੰਗੇ ਲਗਦੇ ਹੋ ਤੇ ਮੈਂ ਤੁਹਾਨੂੰ ਦਿਲੀ ਸਤਿਕਾਰ ਤੇ ਪਿਆਰ ਕਰਦਾ ਹਾਂ।"
"ਪਿਆਰ! ਸਤਿਕਾਰ!! ਭਲਾ ਮੈਂ ਤੁਹਾਨੂੰ ਕਿਉਂ ਚੰਗੀ ਲਗਨੀ ਆਂ।” ਉਸ ਨੈਣ ਮਟਕਾ ਕੇ ਇਕ ਅਜਬ ਨਖ਼ਰੇ ਨਾਲ ਆਖਿਆ।
"ਤੁਸੀਂ ਮੈਨੂੰ ਕਿਉਂ ਚੰਗੇ ਲਗਦੇ ਓ??" ਮੈਂ ਇਸ ਦਾ ਕੀ ਉਤਰ ਦੇਂਦਾ। ਇਸ ਦਾ ਉਤਰ ਹੈ ਵੀ ਕੀ? ਇਕ ਔਰਤ ਜਦ ਇਕ ਮਰਦ ਨੂੰ ਪੁਛੇ ਕਿ ਉਹ ਉਸ ਨੂੰ ਕਿਉਂ ਚੰਗੀ ਲਗਦੀ ਹੈ, ਤਾਂ ਮਰਦ ਕੋਲ ਇਸ ਗੱਲ ਦਾ ਕੀ ਉਤਰ ਹੈ? ਕਿਸੇ ਨੂੰ ਗੁਲਾਬ ਦਾ ਫੁਲ ਚੰਗਾ ਲਗਦਾ ਹੈ, ਕਿਸੇ ਨੂੰ ਮੋਤੀਏ ਦਾ। ਫੁਲ ਦੋਵੇਂ ਸੋਹਣੇ ਨੇ। ਖੁਸ਼ਬੋ ਦੋਹਾਂ ਦੀ ਮਿੱਠੀ ਮਿੱਠੀ, ਭਿੰਨੀ ਭਿੰਨੀ ਹੈ। ਦੋਵੇਂ ਕੋਮਲ ਹਨ, ਹੱਥ ਲਗਿਆਂ ਦੋਵੇਂ ਮੁਰਝਾ ਜਾਂਦੇ ਹਨ। ਸ਼੍ਰਿਸ਼ਟੀ ਦੀ ਹਰੇਕ ਵਸਤੂ, ਰਚਣਹਾਰ ਦੀ ਹਰੇਕ ਰਚਨਾ ਆਪਣੇ ਆਪ ਵਿਚ ਸੁੰਦਰ ਹੈ। ਫਿਰ ਹਰੇਕ ਸੁੰਦਰ ਚੀਜ਼ ਦੀ ਦੂਜੀ ਸੁੰਦਰ ਚੀਜ਼ ਨਾਲ ਤੁਲਣਾ ਨਹੀਂ ਹੋ ਸਕਦੀ। ਇਸ ਦੁਨੀਆਂ ਰੂਪੀ ਸੁੰਦਰ ਬਾਗ਼ ਵਿਚ ਅਨੇਕਾਂ ਸੋਹਣੇ ਫੁਲ ਨੇਂ, ਅਨੇਕਾਂ ਸੋਹਣੇ ਫੁਲ ਰੋਜ਼ ਮੁਰਝਾਂਦੇ ਨੇ, ਅਨੇਕਾਂ ਡੋਡੀਆਂ ਖਿੜ ਕੇ ਰੋਜ਼ ਫੁਲ ਬਣਦੀਆਂ ਹਨ। ਇਕੋ ਜਹੀਆਂ ਸੁੰਦਰ ਵਸਤੁਆਂ ਵਿਚ, ਜੀਵਾਂ ਵਿਚ ਸੁੰਦਰਤਾ ਦੇ ਲਿਹਾਜ਼ ਨਾਲ ਕੋਈ ਭਿੰਨ ਭੇਦ ਨਹੀਂ ਹੁੰਦਾ, ਹੋਰ ਭਾਵੇਂ ਅਨੇਕਾਂ ਭਿੰਨ ਭੇਦ ਹਣ। ਹਾਂ ਇਕ ਚੀਜ਼ ਅੱਖਾਂ ਨੂੰ, ਮਨ ਨੂੰ ਦੂਜੀ ਨਾਲੋਂ ਵਧੇਰੇ ਸੋਹਣੀ, ਚੰਗੀ ਤੇ ਪਿਆਰੀ ਲਗਦੀ ਹੈ ਤੇ ਫਿਰ ਕੋਈ ਪੁਛੇ ਕਿਉਂ, ਤਾਂ ਇਸ ਦਾ ਉੱਤਰ ਕੇਵਲ ਇਹ ਹੀ ਹੋ ਸਕਦਾ ਹੈ, "ਨਜ਼ਰ ਆਪਣੀ ਆਪਣੀ ਹੈ, ਪਸੰਦ ਆਪਣੀ ਆਪਣੀ।"