ਪੰਨਾ:ਹਾਏ ਕੁਰਸੀ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜੀਮ ਚੇ

ਗੁਜਰਾਂਵਾਲੇ ਦੀ ਮਿਉਂਸਪਲ ਕਮੇਟੀ ਵਿਚ ਉਸ ਨੂੰ ਕੰਮ ਸੀ। ਇਹ ਸੋਚ ਕੇ ਕਿ ਬਿਨਾਂ ਜਾਣ ਪਛਾਣ ਦੇ ਕੋਈ ਕਿਸੇ ਦੇ ਕੰਮ ਨਹੀਂ ਆਉਂਦਾ, ਉਹ ਆਪਣੀ ਮਾਸੀ ਦ ਲੜਕੇ ਉਗਰਸੈਨ ਦੇ ਘਰ ਅਪੜ ਗਿਆ। ਉਗਰਸੈਨ ਮਿਉਂਸਪਲ ਕਮੇਟੀ ਦੇ ਦਫ਼ਤਰ ਵਿਚ ਹੀ ਨੌਕਰ ਸੀ; ਉਸ ਦੇ ਘਰ ਜਾ ਕੇ ਉਹਨੂੰ ਦੋ ਅਰਾਮ ਮਿਲ ਸਕਦੇ ਸਨ, ਇਕ ਤਾਂ ਕਮੇਟੀ ਵਿਚ ਜਿੰਨੇ ਕੰਮ ਉਸ ਨੂੰ ਸਨ, ਉਹ ਬਿਨਾਂ ਕਿਸੇ ਔਖ ਦੇ ਹੋ ਸਕਦੇ ਸਨ, ਤੇ ਦੁੂਸਰਾ ਘਰ ਵਿਚ ਰਹਿਣ ਨਾਲ ਉਸ ਦੀ ਰੋਟੀ ਆਦਿ ਦੀ ਚਿੰਤਾ ਮੁਕ ਸਕਦੀ ਸੀ। ਬਾਜ਼ਾਰ ਵਿਚ ਕਿਸੇ ਹੋਟਲ ਤੇ ਰਹਿ ਕੇ ਉਸ ਨੂੰ ਸੜੀਆਂ ਹੋਈਆਂ ਰੋਟੀਆਂ ਤੇ ਗਲੀਆਂ ਸੜੀਆਂ ਸਬਜ਼ੀਆਂ ਦੀ ਭਾਜੀ ਖਾਣੀ ਪੈਣੀ ਸੀ, ਪਰ ਆਪਣੇ ਮਾਸੀ ਦੇ ਪੁਤਰ ਦੇ ਘਰ ਰਹਿ ਕੇ ਉਸ ਨੂੰ ਘਰ ਵਰਗੇ ਸਾਰੇ ਸੁਖ ਮਿਲ ਸਕਦੇ ਸਨ।

ਉਗਰਸੈਨ ਆਪਣੇ ਨਿੱਕੇ ਹੁੰਦੇ ਦੇ ਸਾਥੀ ਤੇ ਮਾਸੀ ਦੇ ਪੁੱਤਰ ਨੂੰ ਮਿਲ ਕੇ ਬੜਾ ਖੁਸ਼ ਹੋਇਆ । ਦੋਵੇਂ ਭਰਾ ਪੰਝੀਆਂ ਸਾਲਾਂ ਪਿਛੋਂ ਮਿਲੇ ਸਨ। ਦਸਵੀਂ ਪਾਸ ਕਰ ਕੇ ਉਗਰਸੈਨ ਆਪਣੇ ਸ਼ਹਿਰ ਦੇ ਕਮੇਟੀ ਘਰ ਵਿਚ ਨੌਕਰ ਹੋ ਗਿਆ। ਪਰ ਬਲਜੀਤ ਦਸਵੀਂ ਪਾਸ ਕਰ ਕੇ ਕਾਲਜ ਵਿਚ ਦਾਖਲ ਹੋਇਆ ਤੇ ਉੱਚ ਵਿਦਿਆ ਪ੍ਰਾਪਤ ਕਰ ਕੇ ਅਲਾਹਬਾਦ ਯੂਨੀਵਰਸਿਟੀ ਵਿਚ ਨੌਕਰ ਹੋ ਗਿਆ। ਗੁਜਰਾਂਵਾਲੇ ਹੀ ਉਸ ਦਾ ਮਕਾਨ ਵੀ ਸੀ ਤੇ ਹੋਰ ਜ਼ਮੀਨ ਉਸ ਲਈ ਹੋਈ ਸੀ। ਬਸ ਉਸੇ ਮਕਾਨ ਤੇ ਜ਼ਮੀਨ ਦੇ ਸਿਲਸਿਲੇ ਵਿਚ ਹੀ ਉਸ ਨੂੰ ਮਿਉਂਸਪਲਟੀ ਦੇ ਨਾਲ ਕੰਮ ਸੀ।

ਨਹਾ ਧੋ ਕੇ ਬਲਜੀਤ ਉਗਰਸੈਣ ਦੇ ਨਾਲ ਚਲਾ ਗਿਆ। ਰਾਹ ਵਿਚ ਗੱਲਾਂ ਬਾਤਾਂ ਕਰਦੇ ਬਲਜੀਤ ਨੂੰ ਅਨੁਭਵ ਹੋਇਆ ਕਿ ਨਿੱਕੇ ਹੁੰਦੇ ਦਾ ਉਗਰਸੈਣ ਹੁਣ ਬਦਲ ਚੁਕਾ ਸੀ। ਨਿੱਕੇ ਹੁੰਦੇ ਉਗਰਸੈਣ ਬੜਾ ਘਟ ਬੋਲਣ ਵਾਲਾ ਤੇ ਭਲਾਮਾਣਸ ਸੀ। ਪਰ ਹੁਣ ਦਾ ਉਗਰਸੈਣ ਰਜ ਕੇ ਸ਼ਰਾਰਤੀ ਤੇ ਸਭਨਾਂ ਨਾਲ ਡੋਈ ਡੋਈ ਲੈਣ ਵਾਲਾ ਸੀ।

੩੭