ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯੧)

ਫੌਜਾਂ ਨੇ ਅਫਗਾਨਸਤਾਨ ਉਤੇ ਧਾਵਾ ਬੋਲਿਆ, ਸ਼ੇਰ ਅਲੀ ਨੱਸ ਗਿਆ ਤੇ ਉਸਦੇ ਪੁਤ੍ਰ ਯਕੂਬ ਖਾਂ ਨੇ, ਜਿਸਨੂੰ ਕਾਬਲ ਦੇ ਤਖਤ ਉਤੇ ਬਿਠਾਇਆ ਗਿਆ, ਅੰਗ੍ਰੇਜ਼ਾਂ ਨਾਲ ਸੁਲਹ ਕਰ ਲਈ। ਪਰ ਜਦ ਸਰ ਲੂਇਸ ਕਵੈਗਨਰੀ ਅੰਗ੍ਰੇਜ਼ੀ ਵਕੀਲ ਉਸਨੂੰ ਮਿਲਣ ਆਇਆ ਤਾਂ ਅਫ਼ਗ਼ਾਨ ਸਿਪਾਹੀਆਂ ਨੇ ਫਸਾਦ ਕਰਕੇ ਵਕੀਲ ਨੂੰ ਅਤੇ ਉਸਦੀ ਅਰਦਲ ਦੇ ਸਾਰਿਆਂ ਸਿਪਾਹੀਆਂ ਨੂੰ ਮਾਰ ਸੁੱਟਿਆ। ਯਕੂਬ ਖਾਂ ਕਾਬਲ ਦੇ ਤਖ਼ਤ ਤੋਂ ਉਤਾਰ ਕੇ ਹਿੰਦੁਸਤਾਨ ਭੇਜ ਦਿੱਤਾ ਗਿਆ।

੪–ਸੱਤਵੇਂ ਵੈਸਰਾਇ ਲਾਰਡ ਰਿਪਨ ਨੇ ਦੂਜੇ ਕਾਬਲ ਜੁੱਧ ਨੂੰ ਮੁਕਾ ਦਿੱਤਾ। ਯਕੂਬ ਖਾਂ ਦੇ ਛੋਟੇ ਭਰਾ ਅਯੂਬ ਖਾਂ ਨੇ ਕਾਬਲ ਦੇ ਤਖ਼ਤ ਉਤੇ ਬੈਠਣ ਦਾ ਜਤਨ ਕੀਤਾ, ਪਰ ਲਾਰਡ ਰਾਬਰ੍ਟਸ ਕਾਬਲ ਤੋਂ ਕੂਚ ਕਰ ਕੇ ਕੰਧਾਰ ਅੱਪੜਿਆ ਅਤੇ ਅਯੂਬ ਖਾਂ ਨੂੰ ਭਜਾ ਦਿੱਤਾ। ਅਫਜ਼ਲ ਖਾਂ ਦਾ ਸਭ ਤੋਂ ਵੱਡਾ ਪੁੱਤ੍ਰ ਅਬਦੁਲ ਰੈਹਮਾਨ ਤਖ਼ਤ ਦਾ ਹੱਕਦਾਰ ਸੀ, ਓਹ ਅੰਗ੍ਰੇਜ਼ਾਂ ਦਾ ਮਿੱਤ੍ਰ ਹੋਣ ਕਰਕੇ ਅਫਗ਼ਾਨਸਤਾਨ ਦਾ ਅਮੀਰ ਥਾਪਿਆ ਗਿਆ। ਉਸਨੇ ਧੀਰਜ ਅਤੇ ਸਿਆਣਪ ਨਾਲ ਹਕੂਮਤ ਕੀਤਾ। ਸੰ: ੧੯੦੨ ਵਿਚ ਅਬਦੁਲ ਰੈਹਮਾਨ ਨੇ ਚਲਾਣਾ ਕੀਤਾ ਅਤੇ ਉਸਦਾ ਪੁੱਤ੍ਰ ਹਬੀਬੁੱਲਾ ਖਾਂ ਅਮੀਰ ਕਾਬਲ ਬਣਿਆ।