(੩੪੮)
ਸੁਣਿਆ ਕਿ ਫ਼੍ਰਾਂਸੀਆਂ ਨਾਲ ਫੇਰ ਲੜਾਈ ਹੋਣ ਵਾਲੀ ਹੈ। ਉਸਨੂੰ ਡਰ ਸੀ ਕਿ ਨੇ ਜਾਣੀਏਂ ਚੰਦ੍ਰ ਨਗਰ ਦੇ ਫ਼੍ਰਾਂਸੀ ਕਲਕੱਤੇ ਉੱਤੇ ਹੱਲਾ ਕਰ ਦੇਣ, ਇਸ ਕਰ ਕੇ ਫੋਰ੍ਟ ਵਿਲੀਅਮ ਦੀ ਫ਼ਸੀਲ ਦੀ ਮੁਰੰਮਤ ਕਰਾਈ ਸੀ। ਸਰਜੁੱਦੌਲਾ ਨੇ ਲਿਖਿਆ ਕਿ ਤੁਸੀਂ ਫ਼ਸੀਲ ਢਾਹ ਦਿਓ, ਗਵਰਨਰ ਨੇ ਉਤ੍ਰ ਦਿੱਤਾ ਕਿ ਏਹ ਨਹੀਂ ਹੋ ਸਕਦਾ, ਕਿਉਂਕਿ ਫ਼ਸੀਲ ਦੇ ਢਾਹੁਣ ਨਾਲ ਕਲਕਤਾ ਫ਼੍ਰਾਂਸੀਆਂ ਦੇ ਅੱਗੇ ਬਿਨਾਂ ਕਿਸੇ ਬਚਾਓ ਦੇ ਹੋ ਜਾਏਗਾ।
੩–ਇਸ ਉੱਤ੍ਰ ਨੂੰ ਪੜ੍ਹ ਕੇ ਨਵਾਬ ਸਾਹਿਬ ਗੁੱਸੇ ਵਿਚ ਆ ਗਏ ਅਤੇ ਪੰਜਾਹ ਹਜ਼ਾਰ ਫੌਜ ਲੈਕੇ ਕਲਕੱਤੇ ਉੱਤੇ ਹੱਲਾ ਬੋਲ ਦਿਤਾ। ਫੋਰ੍ਟ ਵਿਲੀਅਮ ਵਿਚ ਉਸ ਵੇਲੇ ਕੇਵਲ ੧੭0 ਫਰੰਗੀ ਸਨ ਅਤੇ ਓਹ ਭੀ ਅਜਿਹੇ ਕਿ ਸ਼ਇਦ ਹੀ ਕਿਸੇ ਨੇ ਜੁੱਧ ਭੂਮੀ ਦਾ ਦਰਸ਼ਨ ਕੀਤਾ ਹੋਵੇ । ਓਹਨਾਂ ਤੋਂ ਕੰਮ ਲੈਣ ਵਾਲਾ ਕਲਾਈਵ ਜਿਹਾ ਕੋਈ ਸੂਰ ਬੀਰ ਅਤੇ ਨਿੱਡਰ ਅਫ਼ਸਰ ਵੀ ਨਹੀ ਸੀ। ਜਿਵੇਂ ਹੋ ਸਕਿਆ , ਚਾਰ ਦਿਨ ਤਕ ਓਹਨਾ ਅਪਣੀਆਂ ਜਾਨਾਂ ਬਚਾਈਆਂ, ਉਪ੍ਰੰਤ ਸਿਵਲ ਦੇ ਬਹੁਤ ਸਾਰੇ ਮਰਦ ਤੀਵੀਆਂ ਜਹਾਜ਼ ਵਿਚ ਬੈਠ ਕੇ ਦਰਯਾ ਦੇ ਰਾਹ ਨਿਕਲ ਗਏ। ਜੇਹੜੇ ਰਹੇ ਓਹਨਾਂ ਕਿਲਾ ਵੈਰੀਆਂ ਦੇ ਹਵਾਲੇ ਕਰ ਦਿਤਾ ਇਸ ਸ਼ਰਤ ਉੱਤੇ ਕਿ ਓਹਨਾਂ ਦੀ ਜਾਨ ਬਖ਼ਸ਼ੀ ਜਾਵੇ।।