(੩੬੬)
ਜੇਹੜੀਆਂ ਲੜਾਈਆਂ ਅੰਗ੍ਰੇਜ਼ਾਂ ਨੂੰ ਉੱਤ੍ਰੀ ਹਿੰਦ ਵਿੱਚ ਲੜਨੀਆਂ ਪਈਆਂ ਉਨ੍ਹਾਂ ਵਿਚੋਂ ਪਲਾਸੀ 'ਤੇ ਛੁੱਟ ਬਕਸਰ ਦੀ ਲੜਾਈ ਸਭ ਤੋਂ ਵੱਧ ਉੱਘੀ ਹੈ। ਏਹ ਪਹਿਲੀ ਲੜਾਈ ਹੈ ਜਿਸ ਵਿੱਚ ਅੰਗ੍ਰੇਜ਼ਾਂ ਨੂੰ ਦਿੱਲੀ ਦੇ ਮੁਗ਼ਲ ਬਾਦਸ਼ਾਹ ਨਾਲ ਮੱਥਾ ਲਾਉਣਾ ਪਿਆ। ਅੰਗ੍ਰੇਜ਼ਾਂ ਨੇ ਬਾਦਸ਼ਾਹ ਨੂੰ ਇਸ ਵੇਲੇ ਅਜਿਹਾ ਭਜਾਇਆ ਕਿ ਫਿਰ ਉਸਨੇ ਕਦੇ ਮੁਕਾਬਲਾ ਨਹੀਂ ਕੀਤਾ। ਇਸ ਫਤੇ ਪਿੱਛੋਂ ਅੰਗ੍ਰੇਜ਼ ਉੱਤ੍ਰੀ ਹਿੰਦ ਵਿੱਚ ਸਭ ਤੋਂ ਵੱਧ ਬਲਵਾਨ ਪ੍ਰਤੀਤ ਹੋਣ ਲਗ ਪਏ। ਸ਼ਾਹ ਆਲਮ ਨੂੰ ਚੇਤੇ ਸੀ ਕਿ ਕਲਾਈਵ ਨੇ ਉਸਦੇ ਨਾਲ ਪਹਿਲਾਂ ਕਿਹਾ ਚੰਗਾ ਸਲੂਕ ਕੀਤਾ ਸੀ, ਹੁਣ ਭੀ ਉਸਨੇ ਓਹੋ ਕੰਮ ਕੀਤਾ। ਆਪਣੇ ਆਪ ਨੂੰ ਅੰਗ੍ਰੇਜ਼ਾਂ ਦੀ ਕ੍ਰਿਪਾ ਅਤੇ ਦਇਆ ਉੱਤੇ ਸੁੱਟ ਦਿੱਤਾ। ਸ਼ੁਜਾਉੱਦੌਲਾ ਨੱਸ ਗਿਆ ਅਤੇ ਦੂਜੀ ਵਾਰ ਕੁਛ ਫੌਜ ਅਕੱਠੀ ਕਰ ਕੇ ਲਿਆਇਆ, ਪਰ ਕੋਰਾ ਦੇ ਮਦਾਨ ਵਿੱਚ ਫਿਰ ਹਾਰ ਖਾਧੀ। ਹੁਣ ਉਸਨੇ ਭੀ ਆਪਣੇ ਆਪ ਨੂੰ ਅੰਗ੍ਰੇਜ਼ਾਂ ਦੇ ਹਵਾਲੇ ਕਰ ਦਿਤਾ। ਮੀਰ ਕਾਸਮ ਡਰਿਆ ਕਿ ਨੇ ਜਾਣੀਏਂ ਮੇਰੇ ਅਪ੍ਰਾਧ ਦਾ ਕੀ ਬਦਲਾ ਮੈਥੋਂ ਲਿਆ ਜਾਵੇ, ਇਸ ਲਈ ਭੱਜ ਗਿਆ ਅਤੇ ਪਤਾ ਨਹੀਂ, ਕਿ ਉਸਦਾ ਅੰਤ ਕੀ ਹੋਇਆ॥
—:o:—