ਪੰਨਾ:ਹੀਰ ਵਾਰਸਸ਼ਾਹ.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

ਜੰਞ ਤੁਰਤ ਤਿਆਰ ਚਾ ਵਿਦਾ ਕਰਨੀ ਡੂਮ ਡੱਲੜਾ ਫੇਰ ਪਰਚਾਵਣਾ ਈਂ
ਜੋ ਮਾਲ ਵੇਰਾਈਆਂ ਨਜ਼ਰ ਆਵੇ ਹਿੱਕ ਧਾੜਵੀਆਂ ਦੇ ਅਗੇ ਲਾਵਣਾ ਈਂ
ਰਾਂਝਾ ਚਾਕ ਜੇ ਕਰੇ ਖ਼ਰੂਦ ਕੋਈ ਉਹਨੂੰ ਗਜ਼ਬ ਦੇ ਨਾਲ ਜਲਾਵਣਾ ਈਂ
ਛੋਹਰੀ ਮੋੜ ਨਾ ਘੱਲਣੀ ਫੇਰ ਏਥੇ ਵਾਰਸਸ਼ਾਹ ਨੂੰ ਚਾ ਸਮਝਾਵਣਾ ਈਂ

ਕਲਾਮ ਹੀਰ ਕਾਜ਼ੀ ਨਾਲ

ਗੁੱਸਾ ਖਾ ਕੇ ਹੀਰ ਜਵਾਬ ਦਿਤਾ ਤੈਨੂੰ ਰੱਬ ਰਹੀਮ ਕਰੀਮ ਪੱਟੇ
ਮਹਿੰਦੀ ਘੋਲ ਕੇ ਹੱਥ ਨਾ ਲਾਵਣੀਏਂ ਅੱਜ ਪੈਣ ਸੁਹਾਗਣਾਂ ਸਿਰੀਂ ਘਟੇ
ਚਲੇ ਨੱਸ ਗਵਾਹ ਵਕੀਲ ਸੱਭੇ ਜਿਵੇਂ ਸ਼ੇਰ ਨੂੰ ਵੇਖ ਕੇ ਉੱਠ ਨੱਠੇ
ਵਾਰਸ ਹੀਰ ਦੇ ਆਣ ਜਵਾਬ ਛੁੱਟੇ ਜਿਹੇ ਤੀਰ ਕਮਾਨ ਦੇ ਤੀਰ ਛੂਟੇ

ਕਲਾਮ ਕਾਜ਼ੀ ਹੀਰ ਨਾਲ

ਮੈਨੂੰ ਦੱਸ ਹੀਰੇ ਕਿਹੜੀ ਗੱਲ ਪਿਛੇ ਚਾਕ ਨਾਲ ਮੁਹੱਬਤਾਂ ਪਾਈਆਂ ਨੀ
ਘਰ ਬਾਰ ਨਾਹੀਂ ਕੋਈ ਖ਼ੂਹ ਖੱਲੜ ਕਿਤੇ ਪਿੰਡ ਨਾ ਪੀੜ ਨਾ ਜਾਈਆਂ ਨੀ
ਪਿਛੇ ਚਾਕ ਰੁਬਾ ਬੇਦੀਦ ਹੋਈਏਂ ਲਾਹ ਸੁੱਟੀਆਂ ਸ਼ਰਮ ਹਯਾਈਆਂ ਨੀ
ਵੱਡਾ ਅਦਬ ਉਸਤਾਦ ਦਾ ਮੰਨ ਹੀਰੇ ਅਤੇ ਮਾਪਿਆਂ ਮੰਨ ਰਜਾਈਆਂ ਨੀ
ਹੁਕਮ ਸ਼ਰਹ ਸ਼ਰੀਫ ਮੁਹੰਮਦੀ ਨੇ ਅਣਹੋਣੀਆਂ ਮਨ੍ਹਾਂ ਫਰਮਾਈਆਂ ਨੀ
ਕਿਹੜੀ ਆਇਤ ਹਦੀਸ ਦੇ ਨਾਲ ਤੈਨੂੰ ਰਵਾ ਚਾਕ ਹੈ ਦੱਸ ਸ਼ਫਾਈਆਂ ਨੀ
ਵਾਰਸਸ਼ਾਹ ਦੇ ਨਾਲ ਤੂੰ ਗੋਠ ਕਰਕੇ ਕਿਉਂ ਕਹਿਰਣੇ ਐਡੀਆਂ ਚਾਈਆਂ ਨੀ

ਕਲਾਮ ਹੀਰ ਕਾਜ਼ੀ ਨਾਲ

ਪਵੇ ਕਹਿਰ ਅਲਾਹ ਦਾ ਝੂਠਿਆਂ ਤੇ ਲਾਨ੍ਹਤ ਰੱਬ ਦੀ ਏ ਕਾਜ਼ਬੀਨ ਕਾਜ਼ੀ
ਮੂੰਹੋਂ ਬੋਲ ਅਵਲੜੇ ਬੋਲਨਾ ਏਂ ਵੇ ਤੂੰ ਰੱਦ ਹੋਵੇਂ ਮੁਸ਼ਕੀਨ ਕਾਜ਼ੀ
ਕਦਰ ਇਸ਼ਕ ਦਾ ਆਸ਼ਕਾਂ ਸਾਦਕਾਂ ਨੂੰ ਝੱਖ ਮਾਰਦੇ ਨੀ ਜਾਹਲੀਨ ਕਾਜ਼ੀ
ਸੱਚ ਆਖਣੇ ਤੋਂ ਆਸ਼ਕ ਨਹੀਂ ਮੁੜਦੇ ਕੌਲ ਇਨਕੁਨਤੁਮ ਸੁਅ ਦਿ ਕੀਨ ਕਾਜ਼ੀ
ਰਾਂਝੇ ਰੱਬ ਦੇ ਵਿੱਚ ਜੇ ਵਿੱਥ ਜਾਣਾਂ ਦਰਜੇ ਇਸ਼ਕ ਦੇ ਕਿਵੇਂ ਡਹੀਨ ਕਾਜ਼ੀ
ਹੁਸਨ ਚਾਕ ਦਾ ਜੱਲਵਾਂ ਜਾਤ ਰੱਬੀ ਹੀਰ ਦੇਖਿਆ ਨਾਲ ਯਕੀਨ ਕਾਜ਼ੀ
ਨਕਸ਼ ਚਾਕ ਦੇ ਹਰਫ਼ ਤਬਾਰਕ ਅੱਲਾ ਖੁਸ਼ਖੱਤ ਲਿਖੇ ਖ਼ਾਲਕੀਨ ਕਾਜ਼ੀ
ਰੁੱਖ਼ ਯਾਰ ਦਾ ਸਫ਼ਾ ਕੁਰਾਨ ਦਾ ਈ ਨੂਰ ਨਬੀ ਖਤਮੁਲ ਮੁਰਸ ਲੀਨ ਕਾਜ਼ੀ
ਆਉਜਬਿਲਾਹੇ ਮਿਨਸ਼ੈਤੁਆਨ੍ਰਿਾਜੀਮ ਪੜ੍ਹਕੇ ਕੀਤਾ ਰੱਬ ਸ਼ੈਤਾਨ ਬਈਨ ਕਾਜ਼ੀ
ਅਕਦੇ ਬਿਸਮਿਲਾ ਅਰਖਮਾਨ ਖੋਲੇ ਨਿਰਾਹੀਮ ਥੀਂ ਮੈਂ ਸਾਹਿਬਦੀਨ ਕਾਜ਼ੀ
ਪਵੇ ਨਜਰ ਆਕਾਂ ਅਲਹਮਦ ਲਿੱਲਾ ਆਵੇ ਯਾਦ ਰੱਬੁਲਅਲਾਮੀਨ ਕਾਜ਼ੀ