ਪੰਨਾ:ਹੀਰ ਵਾਰਸਸ਼ਾਹ.pdf/108

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੦)

ਕਦਮ ਦੇਖਕੇ ਜ਼ਿਮੀਂ ਤੇ ਰੱਖੀਏ ਨੀ ਚਿੱਕੜ ਵੇਖਕੇ ਪੈਰ ਸੰਗੋੜੀਏ ਨੀ
ਭਰੇ ਕੰਬਲ ਨੂੰ ਚਾ ਜਵਾਬ ਦੇਈਏ ਰੇਸ਼ਮ ਨਾਲ ਦਲਾਸਿਆਂ ਜੋੜੀਏ ਨੀ
ਭਾਵੇਂ ਲੱਖ ਸੰਨਿਆਸ ਬੈਰਾਗ ਹੋਵਣ ਸਯਦ ਮੁਗ਼ਲ ਪਠਾਣ ਲੈ ਲੋੜੀਏ ਨੀ
ਚੌਂਸੀ ਖਦਰਾਂ ਥਾਨ ਤਰਿੱਸਿਆਂ ਦੇ ਪਿੰਡੇ ਨਾਲ ਨਾ ਮੂਲ ਚਮੋੜੀਏ ਨੀ
ਓੜਕ ਜ਼ਾਤ ਸਫ਼ਾਤ ਤੇ ਅਸਲ ਹੋਂਦਾ ਗੱਧੇ ਖਚਰਾਂ ਰਲਣ ਨਾ ਘੋੜੀਏ ਨੀ
ਜ਼ਰੀ ਬਾਦਲਾ ਖੂਬ ਪਛਾਣ ਲਈਏ ਸਿਰੀ ਸਾਫ਼ ਦੇ ਭੋਛਣੇ ਜੋੜੀਏ ਨੀ
ਛੱਡ ਸ਼ੇਖ ਸ਼ਨਾਇਖ ਲੰਗੋਟਿਆਂ ਦੇ ਵਾਰਸਸ਼ਾਹ ਦੀ ਵਾਗ ਨਾ ਮੋੜੀਏ ਨੀ

ਕਲਾਮ ਹੀਰ

ਅਕ ਹੀਰ ਨੇ ਫੇਰ ਜਵਾਬ ਦਿਤਾ ਤੈਨੂੰ ਰੱਬ ਦੀ ਮਾਰ ਪੈ ਕਾਜ਼ੀਆ ਵੇ
ਖਾਏਂ ਵਢੀਆਂ ਝੂਠ ਹਰਾਮ ਬੋਲੇਂ ਤੈਨੂੰ ਨਬੀ ਦੀ ਮਾਰ ਹੈ ਪਾਜੀਆ ਵੇ
ਅਵੇ ਮੁੜੇਂ ਨਾ ਰਬਦਿਆ ਮਾਰਿਆ ਵੇ ਸਾਡੇ ਨਾਲ ਕੇਹੀ ਖੇਡ ਸਾਜੀਆ ਵੇ
ਵਾਰਸਸ਼ਾਹ ਖੁਦਾ ਤੋਂ ਲਏ ਬਦਲਾ ਜਿਹੀ ਕੀਤੀਆ ਈ ਫੰਧੇ ਬਾਜ਼ੀਆ ਵੇ

ਕਲਾਮ ਕਾਜ਼ੀ ਚੂਚਕ ਨਾਲ

ਕਾਜ਼ੀ ਆਖਦਾ ਇਹ ਜੇ ਰੋੜ ਪੱਕਾ ਹੀਰ ਝਗੜਿਆਂ ਨਾਲ ਨਾ ਹਾਰਦੀ ਏ
ਲਿਆਓ ਪੜੋ ਨਕਾਹ ਮੂੰਹ ਬੰਨ੍ਹ ਇਸਦਾ ਮਤਾਂ ਕੋਈ ਫਸਾਦ ਗੁਜ਼ਾਰਦੀ ਏ
ਨਾਲੇ ਲੋਕਾਂ ਤੇ ਮਾਪਿਆਂ ਕਾਜ਼ੀਆਂ ਨੂੰ ਨਾਲੇ ਪਿੰਡ ਇਹ ਸਾਰੇ ਨੂੰ ਮਾਰਦੀ ਏ
ਗਾਲ੍ਹਾਂ ਦੇਂਦੀ ਏ ਪੇਕਿਆਂ ਸਹੁਰਿਆਂ ਨੂੰ ਰਾਂਝੇ ਯਾਰ ਦਾ ਨਾਮ ਚਿਤਾਰਦੀ ਏ
ਛੱਡ ਮਸਜਦਾਂ ਦਾਰਿਆਂ ਵਿੱਚ ਵੜਦੀ ਛੱਡ ਬਕਰੀਆਂ ਸੂਰੀਆਂ ਚਾਰਦੀ ਏ
ਇਹਨੂੰ ਬਿਨਾਂ ਈਜ਼ਾਬ ਦੇ ਬੰਨ੍ਹ ਟੋਰੋ ਇਹ ਤਾਂ ਨੱਢੜੀ ਕਿਸੇ ਨਾ ਕਾਰਦੀ ਏ
ਵਾਰਸਸ਼ਾਹ ਮਧਾਣੀਏਂ ਹੀਰ ਜੱਟੀ ਇਸ਼ਕ ਦਹੀਂ ਦਾ ਘਿਓ ਨਿਤਾਰਦੀ ਏ

ਜਵਾਬ ਹੀਰ

ਹੀਰ ਆਖਿਆ ਕਾਜ਼ੀਆ ਪਾਜ਼ੀਆ ਵੇ ਧਿੱਕੋ ਧੱਕੀ ਦਾ ਪੜੇ ਨਿਕਾਹ ਮੇਰਾ
ਪਹਿਲੇ ਰੋਜ਼ ਮੈਂ ਇਸ਼ਕ ਦੇ ਲੜ ਲੱਗੀ ਰੱਬ ਬਖਸ਼ਿਆ ਕੁੱਲ ਗੁਨਾਹ ਮੇਰਾ
ਰੂਹ ਚਾਕ ਦੇ ਨੂੰ ਜੱਫੀ ਮਾਰੀਆ ਮੈਂ ਜਾਣੇ ਰੱਬ ਰਸੂਲ ਗਵਾਹ ਮੇਰਾ
ਮੇਰੀ ਗੱਲ ਦੀ ਨਹੀਂ ਪਰਤੀਤ ਨੂੰ ਸ਼ਾਹਦ ਹਾਲ ਦਾ ਏ ਵਾਰਸਸ਼ਾਹ ਮੇਰਾ

ਕਾਜ਼ੀ ਨੇ ਹੀਰ ਦਾ ਨਿਕਾਹ ਸੈਦੇ ਨਾਲ ਪੜ੍ਹਾਉਣਾ

ਕਾਜ਼ੀ ਬੰਨ੍ਹ ਨਕਾਹ ਤੇ ਘੱਤ ਡੋਲੀ ਨਾਲ ਖੇੜਿਆਂ ਦੇ ਦਿਤੀ ਟੋਰ ਮੀਆਂ
ਤੇਉਰਾਂ ਬੇਉਰਾਂ ਨਾਲ ਜੜਾਊ ਗਹਿਣੇ ਦੱਮ ਦੌਲਤਾਂ ਨਿਆਮਤਾਂ ਹੋਰ ਮੀਆਂ
ਟਮਕ ਮਹੀਂ ਅਤੇ ਨਾਲ ਊਠ ਘੋੜੇ ਗਹਿਣਾ ਕਪੜਾ ਢੱਗੜਾ ਢੋਰ ਮੀਆਂ
ਜ਼ੋਰਾਵਰਾਂ ਹਰਾਮੀਆਂ ਜ਼ਾਲਮਾਂ ਨੇ ਹੀਰ ਬੰਨ੍ਹ ਟੋਰੀ ਵਾਂਗ ਢੋਰ ਮੀਆਂ