ਪੰਨਾ:ਹੀਰ ਵਾਰਸਸ਼ਾਹ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)

ਮਹੀਨਾ ਭਾਦਰੋਂ

ਚੜ੍ਹਦੇ ਭਾਦਰੋਂ ਰੋਂਦੀ ਹੈ ਹੀਰ ਜੱਟੀ ਮੈਨੂੰ ਰਾਂਝਣਾ ਨਜ਼ਰ ਨਾ ਆਉਂਦਾ ਏ
ਰਾਤੀ ਨੀਂਦ ਨਾ ਆਉਂਦੀ ਸੇਜ ਉਤੇ ਦਿਨੇ ਚਰਖੜਾ ਮੂਲ ਨਾ ਭਾਉਂਦਾ ਏ
ਅਖੀਂ ਨਜ਼ਰ ਨਾ ਆਉਂਦਾ ਯਾਰ ਮੈਨੂੰ ਮੇਰਾ ਰੋਂਦਿਆਂ ਵਕਤ ਵਿਹਾਉਂਦਾ ਏ
ਠਾਠਾਂ ਮਾਰ ਫ਼ਿਰਾਕ ਦੀ ਕਾਂਗ ਆਈ ਜੀਉ ਡੁੱਬਦਾ ਤੇ ਗੋਤੇ ਖਾਉਂਦਾ ਏ
ਸਿਰ ਬੱਦਲ ਕੜਕਦਾ ਇਸ਼ਕ ਵਾਲਾ ਅੰਤ ਕਹਿਰ ਦੀ ਬੂੰਦ ਵਸਾਉਂਦਾ ਏ
ਮੇਰਾ ਵਾਸ ਆਇਆ ਵਿਚ ਵੈਰੀਆਂ ਦੇ ਕੋਈ ਸੱਚ ਨਾ ਸੁਖਨ ਅਲਾਉਂਦਾ ਏ
ਆਪੋ ਆਪਣੇ ਸ਼ੁਗਲ ਮਸ਼ਗ਼ੂਲ ਸਭੇ ਕੋਈ ਹੱਸਦਾ ਤੇ ਕੋਈ ਗਾਉਂਦਾ ਏ
ਕੁਝ ਕਿਸੇ ਨੂੰ ਕਿਸੇ ਦੀ ਸਾਰ ਨਾਹੀਂ ਆਪੋ ਆਪਣੀ ਲੋਕ ਸੁਣਾਉਂਦਾ ਏ
ਕੁੜੀਆਂ ਪਿੰਡ ਦੀਆਂ ਨਿਤ ਅਕਾਂਦੀਆਂ ਨੇ ਮੈਨੂੰ ਬਿਰ੍ਹੋਂ ਫ਼ਿਰਾਕ ਸਤਾਉਂਦਾ ਏ
ਵਾਰਸਸ਼ਾਹ ਅੱਲਾ ਬਿਨਾਂ ਤਾਂਘ ਨਾਹੀਂ ਵੇਖਾਂ ਰਾਂਝਣਾ ਕਦੋਂ ਮਿਲਾਉਂਦਾ ਏ

ਮਹੀਨਾ ਅਸੂ

ਅਸੂ ਆਸ ਅਲਾਹ ਦੀ ਰੱਖ ਲਈ ਹੋਰ ਢਾਹ ਬੈਠੀ ਸੱਭੋ ਢੇਰੀਆਂ ਮੈਂ
ਰਾਂਝਾ ਯਾਰ ਮਿਲਾਉਣਾ ਇਕ ਵਾਰੀ ਉਦ੍ਹੇ ਇਸ਼ਕ ਫ਼ਿਰਾਕ ਨੇ ਘੇਰੀਆਂ ਮੈਂ
ਤੇਜ਼ ਛੁਰੀ ਫੜਕੇ ਹੱਥ ਇਸ਼ਕ ਜ਼ਾਲਮ ਕੀਤਾ ਕੱਟ ਕੇ ਜ਼ਬਰ ਤੋਂ ਜ਼ੇਰੀਆਂ ਮੈਂ
ਤੱਤੀ ਚੰਦ ਦੇ ਚਾਨਣੇ ਚਾ ਸੁੱਟੀ ਵਿਚ ਅੰਦੋਹ ਗ਼ੁਬਾਰ ਅੰਧੇਰੀਆਂ ਮੈਂ
ਕਹੇ ਤੱਤੜੇ ਵਕਤ ਸੀ ਨੇਹੁੰ ਲੱਗਾ ਆਈ ਦੁਖਾਂ ਦੇ ਵਿਚ ਵਧੇਰੀਆਂ ਮੈਂ
ਪਾਂਦੀ ਔਸੀਆਂ ਕਾਗ ਉਡਾਉਂਦੀ ਹਾਂ ਰਾਂਝੇ ਯਾਰ ਦੀ ਹੁੱਬ ਨੇ ਘੇਰੀਆਂ ਮੈਂ
ਤੱਕੜ ਜੰਮਦਿਆਂ ਚੜ੍ਹੀ ਹਾਂ ਇਸ਼ਕ ਵਾਲੇ ਤੁਲੀਆਂ ਦੁੱਖ ਦੇ ਨਾਲ ਪੰਸੇਰੀਆਂ ਮੈਂ
ਰੋਣੋ ਸਬਰ ਨਾ ਆਉਂਦਾ ਅੱਖੀਆਂ ਨੂੰ ਲੱਖ ਦਿਲ ਨੂੰ ਦਿਆਂ ਦਲੇਰੀਆਂ ਮੈਂ
ਸ਼ੌਕ ਨਾਲ ਉਸ ਨੂੰ ਗਲੇ ਲਾਉਂਦੀ ਸਾਂ ਮੂੰਹੋਂ ਆਖਕੇ ਤੇਰੀਆਂ ਤੇਰੀਆਂ ਮੈਂ
ਵਾਰਸਸ਼ਾਹ ਕਜ਼ਾ ਜੁਦਾ ਕੀਤਾ ਅਰਜ਼ਾਂ ਕੀਤੀਆਂ ਰੋ ਰੋ ਬਥੇਰੀਆਂ ਮੈਂ

ਮਹੀਨਾ ਕਤਕ

ਕਤਕ ਮਾਹ ਦਾ ਕਟਕ ਹੁਣ ਜ਼ੋਰ ਚੜ੍ਹਿਆ ਮੇਰੀ ਆਯਾ ਏ ਜਿੰਦ ਮੁਕਾਉਣੇ ਨੂੰ
ਕਿਹੀਆਂ ਰਿਜ਼ਕ ਮੁਹਾਰਾਂ ਨੇ ਚੁੱਕ ਲਈਆਂ ਗਲੀਆਂ ਪੇਕਿਆਂ ਰਾਹ ਭੁਲਾਉਣੇ ਨੂੰ
ਇਸ ਮਾਹ ਦੇ ਵਿਚ ਸਹੇਲੀਓ ਨੀ ਮੇਰਾ ਜੀ ਚਾਹੇ ਬੇਲੇ ਜਾਉਣੇ ਨੂੰ
ਪੇਕੇ ਹੋਂਵਦੀ ਸਾਂ ਬੇਲੇ ਵੰਜਦੀ ਸਾਂ ਰਾਂਝੇ ਯਾਰ ਦੇ ਅੰਗ ਲਗਾਉਣੇ ਨੂੰ
ਰੱਬ ਝੰਗ ਸਿਆਲਾਂ ਤੋਂ ਕੱਢ ਕੇ ਤੇ ਸੱਟੀ ਰੰਗ ਪੁਰ ਖਾਕ ਰਲਾਉਣੇ ਨੂੰ
ਸਭੇ ਸੰਗ ਸਹੇਲੀਆਂ ਦੂਰ ਰਹੀਆਂ ਆਈ ਇਕ ਨਾ ਜੀ ਪਰਚਾਉਣੇ ਨੂੰ

..

    • .