ਪੰਨਾ:ਹੀਰ ਵਾਰਸਸ਼ਾਹ.pdf/150

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੮)

ਨ੍ਹਾ ਧੋ ਕੇ ਚਾ ਭਬੂਤ ਮਲੀਏ ਅਤੇ ਕਿਸ ਵੱਤ ਅੰਗ ਵਟਾਈਏ ਜੀ
ਸੁਖੀ ਦੁਆਰ ਵੱਸੇ ਜੋਗੀ ਭੀਖ ਮਾਂਗੇ ਦੇਇ ਦੁਆ ਅਸੀਸ ਸੁਣਾਈਏ ਜੀ
ਇਸੀ ਭਾਂਤ ਸੋ ਨਗਰ ਦੀ ਭੀਖ ਲੈ ਕੇ ਮਸਤ ਲਟਕਦੇ ਦੁਆਰ ਕੋ ਆਈਏ ਜੀ
ਸਿੰਙੀ ਫਾਹੁੜੀ ਖੱਪਰੀ ਹੱਥ ਲੈ ਕੇ ਪਹਿਲੇ ਰੱਬ ਦਾ ਨਾਮ ਧਿਆਈਏ ਜੀ
ਨਗਰ ਅਲਖ ਵਜਾਇਕੇ ਜਾ ਵੜੀਏ ਪਾਪ ਜਾਨ ਦੇ ਨਾਦ ਵਜਾਈਏ ਜੀ
ਵਡੀ ਮਾਉਂ ਹੀ ਜਾਣ ਕੇ ਕਰੋ ਨਿਸਚਾ ਛੋਟੀ ਭੈਣ ਮਿਸਾਲ ਬਣਾਈਏ ਜੀ
ਵਾਰਸਸ਼ਾਹ ਯਕੀਨ ਦੀ ਗੱਲ ਚੰਗੀ ਸਭ ਹੱਕ ਦੀ ਹੱਕ ਠਹਿਰਾਈਏ ਜੀ

ਕਲਾਮ ਰਾਝਾ

ਰਾਂਝੇ ਆਖਿਆ ਮਗਰ ਨਾ ਪਉ ਮੇਰੇ ਕਦੀ ਕਹਿਰ ਦੀ ਵਾਗ ਹਟਾਈਏ ਜੀ
ਗੁਰੂ ਮੱਤ ਤੇਰੀ ਸਾਨੂੰ ਨਾ ਫੱਬੇ ਗੱਲ ਘੁੱਟ ਕੇ ਚਾ ਲੰਘਾਈਏ ਜੀ
ਪਹਿਲੇ ਚੇਲਿਆਂ ਨੂੰ ਚਾ ਹੇਜ ਕਰੀਏ ਪਿਛੋਂ ਜੋਗ ਦੀ ਰੀਤ ਬਤਾਈਏ ਜੀ
ਇੱਕ ਵਾਰ ਜੋ ਦਸਣਾ ਦੱਸ ਛੱਡੋ ਘੜੀ ਮੁੜੀ ਨਾ ਗੁਰੁ ਅਕਾਈਏ ਜੀ
ਇਹ ਕੋਝੜੀ ਮੱਤ ਕੁਮੱਤ ਤੇਰੀ ਘੱਤ ਖੰਦਕੇ ਵਿੱਚ ਡੁਬਾਈਏ ਜੀ
ਲੀਕ ਲਾਇਕੇ ਪਿਛਿਓਂ ਮੱਤ ਦੇਣੀ ਤੈਨੂੰ ਮੱਤ ਇਹ ਕਿਸ ਸਿਖਾਈਏ ਜੀ
ਕਰਤੁਤ ਜੇ ਇਹੋ ਸੀ ਸਭ ਤੇਰੀ ਮੁੰਡਾ ਠੱਗ ਕੇ ਲੀਕ ਨਾ ਲਾਈਏ ਜੀ
ਵਾਰਸਸ਼ਾਹ ਸ਼ਗਿਰਦ ਤੇ ਚੇਲੜੇ ਨੂੰ ਕਾਈ ਭਲੀ ਹੀ ਮੱਤ ਸਿਖਾਈਏ ਜੀ

ਬਾਲ ਨਾਥ ਨੂੰ ਫੇਰ ਰਾਂਝੇ ਨੂੰ ਨਸੀਹਤ ਕਰਨੀ

ਕਹੇ ਨਾਬ ਰੰਝੇਟਿਆ ਸਮਝ ਭਾਈ ਸਿਰ ਚਾਹੀਏ ਜੋਗ ਭਰੋਟੜੀ ਨੂੰ
ਅਲਖ ਨਾਦ ਵਜਾਇ ਕੇ ਕਰੇ ਨਿਹਚਾ ਮੇਲ ਆਉਣਾ ਟੁਕੜੇ ਰੋਟੜੀ ਨੂੰ
ਮੰਨ ਮਾਰੀਏ ਜੋਗ ਨੂੰ ਪਾ ਲਈਏ ਜਿਹਾ ਮਾਰੀਏ ਨਾਗ ਰਖ ਸੋਟੜੀ ਨੂੰ
ਬੱਚਾ ਨੱਫ਼ਸ ਸ਼ੈਤਾਨ ਨੂੰ ਘੁੱਟ ਮਾਰੀਂ ਜਿਥੇ ਵੇਖਦੇ ਕੁਆਰੜੀ ਵਹੁਟੜੀ ਨੂੰ
ਦਾਗ ਦੁੰਬ ਤੋਂ ਬਹੁਤ ਸੰਭਾਲ ਰਖੀਂ ਚਾਦਰ ਫ਼ਕਰ ਦੀ ਦਿੱਤੜੀ ਧੋਤੜੀ ਨੂੰ
ਹੱਥ ਪਕੜ ਮੁਤਹਿਰ ਯਕੀਨ ਵਾਲੀ ਮਾਰੀ ਨਫ਼ਸ ਸ਼ੈਤਾਨੀਯਤ ਖੋਟੜੀ ਨੂੰ
ਹਾਲ ਫ਼ਕਰ ਦੇ ਨੂੰ ਨਹੀਂ ਲੀਕ ਲਾਈਂ ਦਿਲੋਂ ਸਾਫ਼ ਰੱਖੀਂ ਨੀਯਤ ਖੋਟੜੀ ਨੂੰ
ਫ਼ੱਕਰ ਮਿੱਠੜਾ ਖੇਤ ਕਮਾਦ ਦਾ ਏ ਚੂਹਾ ਚੋਰ ਲਾਗੂ ਗੁੰਨੇ ਟੋਟੜੀ ਨੂੰ
ਪਾਸੇ ਜੋਗ ਚੇਤਾ ਖੇਡਣ ਜਾਨ ਬਾਜ਼ੀ ਚਲੀਂ ਸਮਝ ਕੇ ਚਾਲ ਇਸ ਗੋਟੜੀ ਨੂੰ
ਖੱਸੀ ਬਲਦ ਵਾਂਗਰ ਗਾਈਂ ਵਿੱਚ ਫਿਰਨਾ ਨਾਹੀਂ ਸੰਘਣਾ ਵਹਿੜਕੇ ਝੋਟੜੀ ਨੂੰ
ਅਸੀਂ ਮੁੱਖ ਅਲਹੱਕ ਨਾ ਝੂਠ ਬੋਲਾਂ ਚਾਰ ਲਿਆਉਣਾ ਆਪਣੀ ਖੋਤੜੀ ਨੂੰ
ਵਡੀ ਮਾਂ ਬਰਾਬਰਾਂ ਜਾਣੀਏਂ ਜੀ ਅਤੇ ਭੈਣ ਬਰਾਬਰਾਂ ਛੋਟੜੀ ਨੂੰ