ਪੰਨਾ:ਹੀਰ ਵਾਰਸਸ਼ਾਹ.pdf/177

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੫)

ਬਾਗ਼ ਮੇਵਿਆਂ ਖਾਨ ਨੂੰ ਅਸਾਂ ਲਾਯਾ ਤੁਸੀਂ ਦੁੱਖ ਦੇ ਨਾਲ ਉਖੇੜ ਦੀਆਂ ਹੋ
ਅਸਾਂ ਮੂਲ ਨਾ ਮਹਿਰ ਦੇ ਘਰੀਂ ਜਾਣਾ ਕਿਉਂ ਮਾਮਲੇ ਨਹੀਂ ਨਬੇੜ ਦੀਆਂ ਹੋ
ਅਸਾਂ ਲਾਹ ਪੰਜਾਲੀਆਂ ਜੋਗ ਛੱਡੀ ਤੁਸੀਂ ਫੇਰ ਮੁੜ ਖੂਹ ਨੂੰ ਗੇੜ ਦੀਆਂ ਹੋ
ਅਸੀਂ ਛੱਡ ਝੇੜੇ ਜੋਗੀ ਹੋ ਬੈਠੇ ਤੁਸੀਂ ਫੇਰ ਅਲੂਦ ਲਬੇੜ ਦੀਆਂ ਹੋ
ਹਮੀਂ ਭਿਖਿਆ ਮੰਗਣੇ ਚਲੇ ਹਾਂ ਰੀ ਤੁਸੀਂ ਆਣ ਕੇ ਕਾਹੇ ਖਹੇੜ ਦੀਆਂ ਹੋ
ਵਾਰਸਸ਼ਾਹ ਨੂੰ ਨਾ ਅਕਾਓ ਖਾਂ ਰੀ ਲੁੱਡੀ ਮਾਰ ਕੇ ਜ਼ਿਮੀ ਉਖੇੜ ਦੀਆਂ ਹੋ

ਕਲਾਮ ਸ਼ਾਇਰ

ਜੋਗੀ ਕੁੜੀਆਂ ਦੀ ਬਾਤ ਨਾ ਇਕ ਮੰਨੀ ਉਨ੍ਹਾਂ ਜ਼ੋਰ ਬਥੇਰੜਾ ਲਾਇਆ ਈ
ਇਨ੍ਹਾਂ ਆਜਜ਼ੀ ਇਜਜਜ਼ੀ ਬਹੁਤ ਕੀਤੀ ਜੋਗੀ ਇਕ ਨਾ ਜੀਉ ਤੇ ਲਾਇਆ ਈ
ਜੋਗੀ ਕਿਹਾ ਰੰਨਾਂ ਬੇਵਫ਼ਾ ਯਾਰੋ ਨਫ਼ਾ ਇਨ੍ਹਾਂ ਤੋਂ ਕਿਸੇ ਨਾ ਪਾਇਆ ਈ
ਜਿਨ੍ਹਾਂ ਮੱਤ ਜ਼ਨਾਨੀ ਤੇ ਅਮਲ ਕੀਤਾ ਤਿਨ੍ਹਾਂ ਅੰਤ ਨੂੰ ਅਕਲ ਗਵਾਇਆ ਈ
ਅਸਾਂ ਰੰਨਾਂ ਦੀ ਮਤ ਨਾ ਇਕ ਲੈਣੀ ਇਹੋ ਗੁਰਾਂ ਨੇ ਸਬਕ ਪੜ੍ਹਾਇਆ ਈ
ਵਾਰਸਸ਼ਾਹ ਤਾਂ ਕੁੜੀਆਂ ਲਾਚਾਰ ਹੋਈਆਂ ਜੋਗੀ ਸਾਫ਼ ਜਵਾਬ ਸੁਣਾਇਆ ਈ

ਕੁੜੀਆਂ ਨੇ ਹੀਰ ਅਗੇ ਹਕੀਕਤ ਦਸਣੀ

ਲੈ ਹਕੀਕਤਾਂ ਸਾਰੀਆਂ ਜੋਗੜੇ ਦੀਆਂ ਜੱਥਾ ਕੁੜੀਆਂ ਦਾ ਹੀਰ ਵਲ ਧਾਉਂਦਾ ਏ
ਰੰਗੋ ਰੰਗ ਦਾ ਕਾਫ਼ਲਾ ਕਾਸਦਾਂ ਦਾ ਆਪੋ ਆਪਣੀ ਖ਼ਬਰ ਸੁਣਾਉਂਦਾ ਏ
ਹੀਰ ਪਾਸ ਹਕੀਕਤਾਂ ਖੋਲ੍ਹੀਆਂ ਨੇ ਜੀਉ ਵਿਚ ਨਾ ਸ਼ੌਕ ਸਮਾਉਂਦਾ ਏ
ਹੀਰੇ ਜੋਗੀ ਦੀ ਆਜਜ਼ੀ ਬਹੁਤ ਕੀਤੀ ਕਾਈ ਗੱਲ ਨਾ ਜੀਉ ਤੇ ਲਿਆਉਂਦਾ ਏ
ਬੇਪਰਵਾਹ ਹੈ ਅਸਾਂ ਮਲੂਮ ਕੀਤਾ ਪਿਆ ਰੱਬ ਦਾ ਨਾਮ ਧਿਆਉਂਦਾ ਏ
ਅਸਾਂ ਬਹੁਤ ਸਲਾਹਿਆ ਖੇੜਿਆਂ ਨੂੰ ਨਾਮ ਕਿਸੇ ਦਾ ਉਹ ਨਾ ਭਾਉਂਦਾ ਏ
ਝੂਠ ਮੂਠ ਦੀ ਗੱਲ ਜੋ ਕਰੇ ਤੈਥੇ ਤੇਰਾ ਜੀਉ ਐਵੇਂ ਭਰਮਾਉਂਦਾ ਏ
ਡੁੱਬੇ ਪੇਯੜੇ ਸਾਹੁਰੇ ਤੇਰੇ ਹੀਰੇ ਤੈਨੂੰ ਸਬਰ ਦਿਨ ਰਾਤ ਨ ਆਉਂਦਾ ਏ
ਪਈ ਰਹੇਂ ਰੰਜੂਰ ਤੂੰ ਪਲੰਘ ਉੱਤੇ ਡਰਦਾ ਕੋਈ ਨਾ ਮੂਲ ਬੁਲਾਉਂਦਾ ਏ
ਅਸੀਂ ਮਿੰਨਤਾਂ ਬੇਨਤੀ ਬਹੁਤ ਕੀਤੀ ਘਰ ਕਿਸੇ ਦੇ ਫੇਰਾ ਨਾ ਪਾਉਂਦਾ ਏ
ਅਸੀਂ ਬਹੁਤ ਤਾਰੀਫ਼ ਸੁਣਾ ਰਹੀਆਂ ਓਹ ਇਕ ਨਾ ਜੀ ਤੇ ਲਿਆਉਂਦਾ ਏ
ਵਾਰਸਸ਼ਾਹ ਵਾਂਗੂੰ ਦਿਨ ਰਾਤ ਤੈਨੂੰ ਜ਼ਿਕਰ ਯਾਰ ਦੇ ਨਾਮ ਦਾ ਭਾਉਂਦਾ ਏ

ਹੀਰ ਨੇ ਕੁੜੀਆਂ ਅਗੇ ਆਜਜ਼ੀ ਕਰਨੀ

ਬੀਬੀ ਮਿਹਣੇ ਤੁਸੀਂ ਹਜ਼ਾਰ ਦੇਹੋ ਸਾਡਾ ਰੱਬ ਦੇ ਨਾਲ ਨਾ ਜ਼ੋਰ ਕੋਈ
ਕਰੇ ਰੱਬ ਜਿਹੜੀ ਉਹਨੂੰ ਭਾਉਂਦੀ ਏ ਮੱਥੇ ਹੋਰ ਸੀ ਹੋਰ ਦੀ ਹੋਰ ਹੋਈ