ਪੰਨਾ:ਹੀਰ ਵਾਰਸਸ਼ਾਹ.pdf/178

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੬)

ਦੋਸ਼ ਕਿਹਾ ਹੈ ਤੁਸਾਂ ਬੇਚਾਰੀਆਂ ਨੂੰ ਜੇੜ੍ਹੀ ਰੱਬ ਨੂੰ ਭਾਉਂਦੀ ਕਰੇ ਸੋਈ
ਮੱਥੇ ਲਿਖਿਆਂ ਕਰਮਾਂ ਨੂੰ ਕੌਣ ਮੋੜੇ ਜੇੜ੍ਹੀ ਹੋਣੀ ਸੀ ਹੋ ਰਹੀ ਸੋਈ
ਪਾਯਾ ਸੁਖ ਨਾ ਕੁਝ ਜਹਾਨ ਉਤੇ ਤਤੀ ਜੀਉਂਦੀ ਜੀ ਵਿਚ ਗੋਰ ਹੋਈ
ਬਦੀ ਜੱਗ ਦੀ ਸਭ ਕਬੂਲ ਕੀਤੀ ਰੱਬ ਬਾਝ ਨਾ ਆਸਰਾ ਹੋਰ ਕੋਈ
ਸਭ ਸਖਤੀਆਂ ਨਰਮੀਆਂ ਝੱਲ ਲਈਆਂ ਤੁਸਾਂ ਨਾਲ ਨਾ ਕੀਤਾ ਏ ਮੋੜ ਕੋਈ
ਭਾਵੇਂ ਲੱਖ ਆਖੋ ਸਿਰ ਝੱਲਨੀ ਹਾਂ ਵਾਰਸ ਬਾਝ ਨਹੀਂ ਗ਼ਮਖੋਰ ਕੋਈ

ਕਲਾਮ ਕੁੜੀਆਂ

ਕਹੇ ਮਿਹਣੇ ਕਿਸੇ ਨੂੰ ਕੌਣ ਦੇਂਦਾ ਕੇਹਾ ਕੰਮ ਹੈ ਤੇਰੜੇ ਨਾਲ ਹੀਰੇ
ਅਜੇ ਪੇਕਿਓਂ ਆ ਨਾ ਚੁਕੀਏਂ ਤੂੰ ਕਦੋਂ ਹੋਸੀਆ ਉਮਰ ਦੀ ਜਾਲ ਹੀਰੇ
ਜਿਨ੍ਹਾਂ ਡੋਲੜੀ ਪਾ ਵਿਆਹ ਆਂਦੀ ਸੱਭ ਕੀਤੇ ਨੇ ਚਾ ਨਿਹਾਲ ਹੀਰੇ
ਕੋਈ ਵੰਡ ਨਹੀਂ ਤੇਰੇ ਨਾਲ ਸਾਡੀ ਜ਼ਰਾ ਬੋਲ ਜਬਾਨ ਸੰਭਾਲ ਹੀਰੇ
ਅਸਾਂ ਹਸਦੀਆਂ ਆਣ ਕੇ ਗੱਲ ਕੀਤੀ ਲੋਹੇ ਵਾਂਗ ਤੂੰ ਚੰਬੜੀ ਨਾਲ ਹੀਰੇ
ਨਾਲੇ ਆਖਿਓ ਈ ਨਾਲੇ ਮੁਕਰਨੀਏਂ ਕਿਤੇ ਰਖਿਓ ਜੋਗੀ ਦੀ ਭਾਲ ਹੀਰੇ
ਤੂੰਹੋਂ ਆਖਿਆ ਜੋਗੀ ਨੂੰ ਸੱਦ ਲਿਆਓ ਉੱਠ ਪਈ ਮੈਂ ਏਸ ਖਿਆਲ ਹੀਰੇ
ਵਾਰਸਸ਼ਾਹ ਤੈਨੂੰ ਨਿੱਤ ਕਹੇ ਭਾਬੀ ਜਰਾ ਆਪਣੇ ਆਪ ਨੂੰ ਟਾਲ ਹੀਰੇ

ਹੀਰ ਨੇ ਕੁੜੀਆਂ ਉਤੇ ਗੁਸਾ ਕਰਨਾ

ਕਸਬ ਆਪਣੇ ਦਸਦੀਆਂ ਹੋਰਨਾਂ ਨੂੰ ਜੇੜ੍ਹੇ ਕਰਦੀਆਂ ਫਿਰੋ ਕਰਤੱਬ ਕੁੜੀਓ
ਮਥੇ ਲਿਖੀ ਸੀ ਬੁਰੀ ਕਲਮ ਮੇਰੇ ਇਥੇ ਬਹੁੜਿਆ ਹੈ ਆਣ ਰੱਬ ਕੁੜੀਓ
ਕਿਹਾ ਕਹਿਰ ਕੀਤਾ ਏਨ੍ਹਾਂ ਲਾਗੀਆਂ ਨੇ ਬੰਨ੍ਹ ਖੇੜਿਆਂ ਨੂੰ ਦਿਤੀ ਝੱਬ ਕੁੜੀਓ
ਮੇਰੀ ਜਾਨ ਅਜ਼ਾਬ ਤੋਂ ਤਦੋਂ ਛੁੱਟੇ ਸੈਦੇ ਘਰੋਂ ਜੇ ਮਰਾਂ ਮੈਂ ਝੱਬ ਕੁੜੀਓ
ਮੇਰਾ ਸਬਰ ਪਵੇ ਇਨ੍ਹਾਂ ਖੇੜਿਆਂ ਤੇ ਆਵੇ ਰੱਬ ਦਾ ਕਹਿਰ ਗਜ਼ੱਬ ਕੁੜੀਓ
ਪਈ ਵਾਂਗ ਅਜ਼ਾਰੀਆਂ ਤੜਫਨੀ ਹਾਂ ਜਾਂਦੀ ਜਾਨ ਨਾਹੀਂ ਕਿਸੇ ਢੱਬ ਕੁੜੀਓ
ਕਹੇ ਲੂਤੀਆਂ ਤੇ ਮਿਹਣੇ ਲਾਂਦੀਆਂ ਹੋ ਸਾਰੇ ਜੱਗ ਵਿਚੋਂ ਮੈਨੂੰ ਲੱਭ ਕੁੜੀਓ
ਵਾਰਸ ਉਸਰ ਥੀ ਉਸਰ ਹੈ ਹੋ ਜਾਂਦਾ ਜਦੋਂ ਲਾਉਂਦਾ ਰਬ ਸਬੱਬ ਕੁੜੀਓ

ਜਵਾਬ ਕੁੜੀਆਂ

ਅਸਾਂ ਸੁਰਤ ਨਾ ਗਰਜ ਸਮਾਲ ਕੋਈ ਲਫਜ਼ ਜੋਗੀ ਦਾ ਪਿਆ ਸੀ ਕੰਨ ਹੀਰੇ
ਭਲਾ ਦੇਸ ਤੇਰਾ ਜਿਥੇ ਜੰਮੀਏਂ ਤੂੰ ਕਰਨ ਸੱਚ ਤੇ ਝੂਠ ਦਾ ਵੰਨ ਹੀਰੇ
ਭਲਾ ਕਰਦੀਆਂ ਨੂੰ ਮੰਦਾ ਬੋਲਿਓ ਈ ਲਾਯੋ ਉਠ ਕੇ ਜਾਨ ਦਾ ਡੰਨ ਹੀਰੇ
ਐਡੇ ਧੰਦਲੇ ਕਰੇਂ ਤੂੰ ਨਾਲ ਸਾਡੇ ਦਾਉ ਰੰਨ ਦਾ ਜਾਣ ਦੀ ਰੰਨ ਹੀਰੇ