ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੩)

ਕਰੇ ਆਣ ਬੇਅਦਬੀ ਜੋਗੀਆਂ ਦੀ ਅਤੇ ਮਿਲਦੀਆਂ ਮਹੀਂ ਨੂੰ ਚੁੰਮਦੀ ਏ
ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ ਸੁੱਤੇ ਵਲਵਲੇ ਦਿਲਾਂ ਦੇ ਟੁੰਮਦੀ ਏ
ਫਿਰੇ ਨੱਚਦੀ ਸ਼ੋਖ ਬੁਰਹਾਨ ਘੋੜੀ ਨਾ ਕੱਤਦੀ ਨਾ ਇਹ ਤੁੰਮਦੀ ਏ
ਸਰਦਾਰ ਹੈ ਲੂਹਕਾਂ ਲਾਹਕਾਂ ਦੀ ਪੀਹਣ ਡੋਹਲਦੀ ਤੇ ਤੌਣ ਲੁੁੰਮਦੀ ਏ
ਵਾਰਸਸ਼ਾਹ ਦਿਲ ਆਉਂਦਾ ਚੀਰ ਸੁੱਟਾਂ ਬੁਨਿਆਦ ਇਹ ਜ਼ੁਲਮ ਦੀ ਖੁੰਬਦੀ ਏ

ਕਲਾਮ ਸਹਿਤੀ

ਸਹਿਤੀ ਆਖਦੀ ਰਾਵਲਾ ਸਖ਼ਤ ਬੋਲੇਂ ਤਾਹੀਂ ਬੋਲਿਓਂ ਤੂੰ ਮੇਰੇ ਹਾਣਸੈੈਂ ਵੇ
ਲਾਏਂ ਹੱਥ ਜੇ ਪਕੜ ਪਛਾੜ ਸੱਟਾਂ ਤੇਰੇ ਨਾਲ ਕਰਸਾਂ ਤਾਂ ਤੂੰ ਜਾਣਸੈਂ ਵੇ
ਇਹ ਤਾਂ ਮਕਰ ਦਾ ਭੇਸ ਵਟਾਇਆ ਏ ਜਿਹੜਾ ਨਾਵਾਕਫ਼ ਓਹਨੂੰ ਰਾਣਸੈਂ ਵੇ
ਵੱਖੋ ਵੱਖ ਕਰਸਾਂ ਭੰਨ ਲਿੰਗ ਤੇਰੇ ਤਦੋਂ ਰੱਬ ਨੂੰ ਖ਼ੂਬ ਪਛਾਣਸੈਂ ਵੇ
ਵਿਹੜੇ ਵੜੇਂ ਤਾਂ ਭੰਨਾਂ ਗੀ ਟਿੰਡ ਤੇਰੀ ਤਦੋਂ ਸ਼ੁਕਰ ਬਜਾ ਲਿਆਵਸੈਂ ਵੇ
ਗਦੇ ਵਾਂਗ ਜਾਂ ਜੂੜ ਕੇ ਘੜਾਂ ਤੈਨੂੰ ਤਦੋਂ ਛੱਟ ਤਦਬੀਰ ਦੀ ਛਾਣਸੈਂ ਵੇ
ਸਹਿਤੀ ਉੱਠ ਕੇ ਘਰਾਂ ਨੂੰ ਘੂਕ ਚੱਲੀ ਮੰਗਣ ਆਵਸੈੈਂ ਤਾਂ ਮੈਨੂੰ ਜਾਣਸੈੈਂ ਵੇ
ਵਾਰਸਸ਼ਾਹ ਵਾਂਗੂੰ ਤੇਰੀ ਕਰਾਂ ਖਿਦਮਤ ਮੌਜ ਸੱਜਣਾਂ ਦੀ ਤਦੋਂ ਮਾਣਸੈੈਂ ਵੇ

ਕਲਾਮ ਜੋਗੀ

ਕਰਕੇ ਚੋਹਲੀਆਂ ਬੋਲੀਆਂ ਬੋਲ ਬੋਲੇਂ ਧੀ ਜਾਈ ਏਂ ਕਿਨ੍ਹਾਂ ਅਨੋਖਿਆਂ ਦੀ
ਅਸੀਂ ਪੈਂਚ ਸਰਦਾਰ ਕੀ ਜਾਣਨੇ ਹਾਂ ਮਾਰੀ ਭੁੱਲ ਹੈ ਚੰਗਿਆਂ ਚੋਖਿਆਂ ਦੀ
ਓੜਕ ਹੱਥ ਤੂੰ ਵੀ ਥਲੇ ਲਾਵਸੇਂਗੀ ਮਿੱਟੀ ਢੂੂੰਡਸੇੇਂ ਕਿੱਲੀਆਂ ਠੋਕੀਆਂ ਦੀ
ਵਾਰਸਸ਼ਾਹ ਨੂੰ ਨਾਚ ਕੀ ਦੱਸਨੀ ਏਂ ਭੁੱਖੀ ਕੰਜਰੀ ਬਿਸ਼ਨੀਆਂ ਫੋਕੀਆਂ ਦੀ

ਕਲਾਮ ਸਹਿਤੀ

ਮੂੂੰਹੋਂ ਊਤ ਘਤੂਤੀਆਂ ਵਾਹੁਨਾ ਏਂ ਜ਼ਰਾ ਠਾਕ ਜ਼ਬਾਨ ਤੂੰ ਗੰਦਿਆ ਵੇ
ਰੰਨਾਂ ਵਿੱਚ ਧੰਨਾ ਕਿਆ ਪਸਰ ਬੈਠਾ ਕਿਸੇ ਭਾਗਭਰੀ ਦਿਆ ਚੰਡਿਆ ਵੇ
ਇਹ ਖਰਵੀਆਂ ਛਿਲਤਰਾਂ ਸਾਫ ਹੋਸਣ ਜਦੋਂ ਚਾੜ੍ਹ ਖਰਾਦ ਤੇ ਰੰਦਿਆ ਵੇ
ਔਖੇ ਵਕਤ ਛੁਡਾਵਸੀ ਕੌਣ ਤੈਨੂੰ ਮੀਆਂ ਵਾਰਸਾ ਰੱਬ ਦਿਆ ਬੰਦਿਆ ਵੇ

ਕਲਾਮ ਜੋਗੀ

ਕਿਉਂ ਫ਼ਕਰ ਦੇ ਨਾਲ ਰਿਹਾੜ ਪਈਏਂ ਭਲਾ ਬਖਸ਼ ਸਾਨੂੰ ਮਾਪੇ ਜੀਣੀਏਂ ਨੀ ।
ਸੱਪ ਸ਼ੀਹਣੀ ਵਾਂਗ ਕੁਲੈਹਣੀਏਂ ਨੀ ਮਾਸ ਖਾਣੀਏਂ ਤੇ ਰੱਤ ਪੀਣੀਏਂ ਨੀ
ਦੁਖੀ ਜੀਉ ਦੁਖਾ ਨਾ ਭਾਗ ਭਰੀਏ ਹੋਈਏਂ ਚਿੜੀ ਤੇ ਕੂੂੰਜ ਲਖੀਣੀਏਂ ਨੀ
ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ ਸੱਕੇ ਖ਼ਸਮ ਤੋਂ ਨਾ ਪਤੀਣੀਏਂ ਨੀ
ਚਰਖਾ ਚਾਇਕੇ ਨੱਟਨੀ ਮਰਦ ਮਾਰੇਂ ਕਿਸੇ ਯਾਰ ਨਾ ਪਕੜ ਮਲੀਣੀਏਂ ਨੀ