ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੯੪)

ਘੋੜ ਸੁੰਬੀਏ ਤੇ ਮਿਰਗ ਨੈਣੀਏਂ ਨੀ ਅੱਖੀਂ ਤੇਰੀਆਂ ਸ਼ੋਖ ਵਧੇਰੀਆਂ ਨੀ
ਏਸ ਰੰਨ ਉਤੋਂ ਅੰਤ ਹੋਣੀਆਂ ਨੇ ਛਟਕਾਂ ਮੂੰਹਦਰੂ ਤੇਰੀਆਂ ਮੇਰੀਆਂ ਨੀ
ਲੱਜਾਂ ਜਣਦਿਆਂ ਦੀਆਂ ਬੇਦੀਦ ਹੋ ਕੇ ਸਭ ਘੱਤ ਕੇ ਖੂਹ ਨਘੇਰੀਆਂ ਨੀ
ਸ਼ਰਮ ਵਾਲੀਆਂ ਬੀਬੀਆਂ ਨੇਕਬਖ਼ਤਾਂ ਅੱਖੀੰ ਸਾਹਵੀਆਂ ਕਰਨ ਉਘੇਰੀਆਂ ਨੀ
ਉਡਣਹਾਰ ਤੇਰੇ ਜਹੀਆਂ ਲੱਖ ਰੰਨਾਂ ਅਸਾਂ ਜਾਲੀਆਂ ਘੱਤ ਕੇ ਘੇਰੀਆਂ ਨੀ
ਪਵੇ ਮਾਰ ਕੇ ਝੜਫ ਜਾਂ ਬਾਜ ਵਾਂਗੂ ਝੱਪ ਖਾਈਏ ਬਿੱਲੇ ਬਟੇਰੀਆਂ ਨੀ
ਨਾਲ ਅਮਲ ਦੇ ਚਾ ਬੇਹੋਸ਼ ਕਰੂੰ ਮੂੰਹੋਂ ਆਖਸੈਂ ਤੇਰੀ ਮੈਂ ਤੇਰੀਆਂ ਨੀ
ਵਾਰਸਸ਼ਾਹ ਅਸਾਂ ਨਾਲ ਜਾਦੂਆਂ ਦੇ ਕਈ ਰਾਣੀਆਂ ਕੀਤੀਆਂ ਚੇਰੀਆਂ ਨੀ

ਕਲਾਮ ਸਹਿਤੀ

ਅਸਾਂ ਜਾਦੂੜੇ ਘੋਲ ਕੇ ਸੱਭ ਪੀਤੇ ਕਰਾਂ ਬਾਵਰੇ ਜਾਦੂਆਂ ਵਾਲਿਆਂ ਨੂੰ
ਕਖੀੰ ਘੱਤ ਫੁਕਾਯਾ ਸੀ ਮਰਦਮਿਰਜਾ ਮਾਨ ਕਰਦਾ ਸੀ ਬਕੀ ਦਿਆਂ ਚਾਲਿਆਂ ਨੂੰ
ਰਾਜੇ ਭੋਜ ਜਿਹੇ ਕੀਤੇ ਚਾ ਘੋੜੇ ਨਹੀਂ ਜਾਣਦਾ ਸਾਡਿਆਂ ਚਾਲਿਆਂ ਨੂੰ
ਸੱਕੇ ਭਾਈਆਂ ਨੂੰ ਕਰਨ ਨਫ਼ਰ ਰਾਜੇ ਅਤੇ ਰਾਜ ਬਹਾਉਂਦੇ ਸਾਲਿਆਂ ਨੂੰ
ਸਿਰ ਕੱਪ ਰਸਾਲੂ ਨੂੰ ਵਖਤ ਪਾਯਾ ਘਰ ਮਕਰ ਦੇ ਗੋਲਿਆਂ ਰਾਲਿਆਂ ਨੂੰ
ਰਾਵਨ ਲੰਕ ਲੁਟਾਇਕੇ ਗਿਰਦ ਹੋਯਾ ਸੀਤਾ ਵਾਸਤੇ ਭੇਦ ਵਖਾਲਿਆਂ ਨੂੰ
ਯੂਸਫ਼ ਖੂਹ ਵਿਚ ਪਾ ਜ਼ਹੀਰ ਕੀਤਾ ਸੱਸੀ ਵਖ਼ਤ ਪਾਯਾ ਊਠਾਂ ਵਾਲਿਆਂ ਨੂੰ
ਰਾਂਝਾ ਚਾਰ ਕੇ ਮਹੀਂ ਫ਼ਕੀਰ ਹੋਯਾ ਹੀਰ ਮਿਲੀ ਜੋ ਖੇੜਿਆਂ ਸਾਲਿਆਂ ਨੂੰ
ਫੇਗੂ ਉਮਰ ਬਾਦਸ਼ਾਹ ਖੁਆਰ ਹੋਯਾ ਮਿਲੀ ਮਾਰਵਨ ਢੋਲ ਦੇ ਰਾਲਿਆਂ ਨੂੰ
ਰੋਡਾ ਵੱਢ ਕੇ ਡੱਕਰੇ ਨਦੀ ਪਾਯਾ ਤੂੰ ਜਲਾਲੀ ਦੇ ਦੇਖ ਲੈ ਚਾਲਿਆਂ ਨੂੰ
ਤਬਰ ਮਾਛੀ ਦਾ ਮਜਨੂੰ ਨੇ ਝਲਿਆ ਸੀ ਢੂੰਡੇ ਲੇਲਾਂ ਦੇ ਇਸ਼ਕ ਦੇ ਚਾਲਿਆਂ ਨੂੰ
ਵਲੀ ਬੱਲ ਅਮਬਉਰ ਈਮਾਨ ਦਿੱਤਾ ਦੇਖ ਡੋਬਿਆ ਬੰਦਗੀ ਵਾਲਿਆਂ ਨੂੰ
ਮਹੀਂਵਾਲ ਤੇ ਸੋਹਣੀ ਰਹੀ ਐਵੇਂ ਹੋਰ ਪੁਛ ਲੈ ਇਸ਼ਕ ਦੇ ਭਾਲਿਆਂ ਨੂੰ
ਅਠਾਰਾਂ ਖੂਹਣੀ ਕਟਕ ਲੜ ਮੋਏ ਪਾਂਡੋ ਡੋਬ ਡੋਬ ਕੇ ਖੂਹਣੀਆਂ ਗਾਲਿਆਂ ਨੂੰ
ਰੰਨਾਂ ਸੱਚਿਆਂ ਨੂੰ ਕਰਨ ਚਾ ਝੂਠੇ ਮੱਕਰ ਨਾਲ ਵਿਛਾ ਨਿਹਾਲਿਆਂ ਨੂੰ
ਵਾਰਸਸ਼ਾਹ ਤੂੰ ਜੋਗੀਆ ਕੌਣ ਹੁੰਨੈ ਓੜਕ ਭਰੇਂਗਾ ਸਾਡਿਆਂ ਹਾਲਿਆਂ ਨੂੰ

ਕਲਾਮ ਜੋਗੀ

ਆ ਨੱਢੀਏ ਗੈਬ ਕਿਉਂ ਚਾਇਆ ਈ ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ
ਕਰੋ ਨਰਾਂ ਦੇ ਨਾਲ ਬਰਾਬਰੀ ਕਿਉਂ ਆਖ ਤੁਸਾਂ ਵਿਚ ਕੀ ਭਲਿਆਈਆਂ ਨੀ