ਪੰਨਾ:ਹੀਰ ਵਾਰਸਸ਼ਾਹ.pdf/207

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੫)

ਬੇਕਸਾਂ ਦਾ ਕੋਈ ਨਾ ਰੱਬ ਬਾਝੋਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀ
ਜਿਹੜਾ ਰੱਬ ਦੇ ਨਾਮ ਤੇ ਭਲਾ ਕਰਸੀ ਅਗੇ ਮਿਲਣਗੀਆਂ ਓਸ ਭਲਾਈਆਂ ਨੀ
ਮੁਢੋਂ ਆਦਮੋਂ ਰੰਨਾਂ ਦਾ ਨਾਮ ਬੁਰਾ ਜਦੋਂ ਕੀਤੀਆਂ ਕਿਸੇ ਬੁਰਿਆਈਆਂ ਨੀ
ਗਲਾਂ ਲੱਲ ਵਲੱਲੀਆਂ ਸਿੱਖ ਕੇ ਤੇ ਆਇਤਾਂ ਦੱਸ ਹਦੀਸ ਭੁਲਾਈਆਂ ਨੀ
ਜ਼ੇਰ ਬਾਕੀਆਂ ਅਮਲ ਦੇ ਖੱਤ ਦੀਆਂ ਵਾਰਸਸ਼ਾਹ ਨੂੰ ਦੇਣੀਆਂ ਆਈਆਂ ਨੀ

ਕਲਾਮ ਸਹਿਤੀ

ਕਦੋਂ ਖਿਦਮਤਾਂ ਕੀਤੀਆਂ ਨੇਕ ਮਰਦਾਂ ਕਦੋਂ ਸੋਹਬਤਾਂ ਤੋਂ ਅਸਰ ਪਾਇਓ ਵੇ
ਫਰਫੇਜ਼ੀਆਂ ਮਕਰੀਆਂ ਠਕਰੀਆਂ ਨੂੰ ਏਸ ਪੰਥ ਦਾ ਭੇਤ ਨਾ ਆਇਓ ਵੇ
ਮੰਗ ਖਾਣ ਦੇ ਵਾਸਤੇ ਸਾਧ ਬਣਿਓਂ ਬਦਨ ਖਾਕ ਦੇ ਵਿੱਚ ਰੁਲਾਇਓ ਵੇ
ਗੋਸ਼ੇ ਬੈਠ ਨਾ ਕੀਤੋ ਈ ਯਾਦ ਅੱਲਾ ਏਵੇਂ ਰਾਇਗਾਂ ਵਕਤ ਗਵਾਇਓ ਵੇ
ਕਦੋਂ ਫਿਰਿਓਂ ਤੂੰ ਨਾਲ ਗਿਆਨੀਆਂ ਦੇ ਕਿਹੜੇ ਗਿਆਨ ਤੇ ਕੰਨ ਪੜਾਇਓ ਵੇ
ਕੰਨ ਪਾੜ ਕੇ ਉਮਰ ਗਵਾਈਆ ਈ ਤੈਨੂੰ ਭੇਤ ਨਾ ਫ਼ਕਰ ਦਾ ਆਇਓ ਵੇ
ਔਕੜ ਵਿੱਚ ਅੱਡੋ ਖੋੜੇ ਫਿਰੇਂ ਖਾਂਦਾ ਕਿਤੇ ਰਾਹ ਰਵਾਨ ਨਾ ਪਾਇਓ ਵੇ
ਸਬਰ ਸ਼ੁਕਰ ਮੀਰਾਸ ਫ਼ਕੀਰ ਦੀ ਏ ਆਧਮ ਅੰਨ ਦਾ ਵਿੱਢ ਟਕਰਾਇਓ ਵੇ
ਸ਼ਾਮਤ ਨਫ਼ਸ ਦੀ ਤੇ ਖਾਂਦਾ ਫਿਰੇਂ ਧੱਕੇ ਹਾਲ ਫ਼ਕਰ ਦੇ ਨੂੰ ਲੰਗ ਲਾਇਓ ਵੇ
ਇੰਨਨਲਾਹਾਮ ਅਸੁਅਬਿਰੀਨ ਰੈਹਕ ਫ਼ਕਰਾਂ ਦਾ ਵਿਚ ਕੁਰਾਨ ਫਰਮਾਇਓ ਵੇ
ਤੇਰੀ ਨਜ਼ਰ ਖੋਟੀ ਨਜ਼ਰ ਆਉਂਦੀ ਏ ਇਹ ਸਿਹਰ ਕਿਥੋਂ ਤੁੱਧ ਪਾਇਓ ਵੇ
ਕੀ ਖੱਟਿਓ ਈ ਪੁੱਠਾ ਬੇਦ ਪੜ੍ਹ ਕੇ ਵਾਰਸਸ਼ਾਹ ਨੇ ਆਖ ਸੁਣਾਇਓ ਵੇ

ਕਲਾਮ ਜੋਗੀ

ਮਰਦ ਸੁਆਦ ਚਿਹਰੇ ਹੈਨ ਨੇਕੀਆਂ ਦੇ ਸੂਰਤ ਰੰਨ ਦੀ ਮੀਮ ਮੌਕੂਫ ਹੈ ਨੀ
ਮਰਦ ਆਲਮ ਫਾਜ਼ਲ ਅਤੇ ਅਸਲ ਕਾਬਲ ਕਿਸੇ ਰੰਨ ਨੂੰ ਕੌਣ ਵਕੂਫ ਹੈ ਨੀ
ਸਬਰ ਰਾਹ ਹੈ ਮੰਨਿਆਂ ਨੇਕ ਮਰਦਾਂ ਅਤੇ ਸਬਰ ਦੀ ਵਾਗ ਮਾਤੂਫ ਹੈ ਨੀ
ਦਫ਼ਤਰ ਮਕਰ ਫਰੇਬ ਨੇ ਖਰਚਵਾਦੀ ਇਨ੍ਹਾਂ ਪਿਸਤਿਆਂ ਵਿਚ ਮਲਫੂਫ ਹੈ ਨੀ
ਅੰਦਰ ਖਾਸ ਜੇ ਅਮਲ ਨਾ ਨੇਕ ਹੋਵਨ ਇਨਸਾਨ ਕਹਾਉਣਾ ਜ਼ੂਫ ਹੈ ਨੀ
ਇਨਾ ਕੌਦਾ ਕੁਨਾ ਹਕ ਔਰਤਾਂ ਦੇ ਇਹ ਤਾਂ ਵਿੱਚ ਕੁਰਾਨ ਹਰੂਫ ਹੈ ਨੀ
ਰੰਨਾਂ ਰੇਸ਼ਮੀ ਕੱਪੜਾ ਮਨੋਂ ਮੈਲੀ ਮਰਦ ਜੌਜ਼ਕੀਦਾਰ ਮਸਰੂਫ ਹੈ ਨੀ
ਰਮਜ਼ ਫਕਰ ਦੀ ਨੂੰ ਸੋਈ ਸਮਝਦਾ ਏ ਦਾਨਸ਼ਮੰਦ ਜੋ ਅਹਿਲ ਮਕਸੂਫ ਹੈ ਨੀ