ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭)

ਜਣੇ ਖਣੇ ਨੂੰ ਆਖਦਾ ਇਹ ਲੁਡਣ ਕਿਵੇਂ ਲਾਹੋ ਇਹਨੂੰ ਮੇਲਾ ਆਉਂਦਾ ਏ
ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ ਪੰਛੀ ਡੇਗਦਾ ਮਿਰਗ ਫਹਾਉਂਦਾ ਏ
ਠੱਗ ਸੁਣੇ ਥਨੇਸਰੋਂ ਆਉਂਦੇ ਨੇ ਇਹ ਤਾਂ ਜ਼ਾਹਰਾ ਠੱਗ ਝਨਾਉਂਦਾ ਏ
ਵਾਰਸਸ਼ਾਹ ਮੀਆਂ ਵਲੀ ਜ਼ਾਹਰਾ ਏ ਵੇਖ ਹੁਣੇ ਝਬੇਲ ਕੁਟਾਉਂਦਾ ਏ

ਲੋਕਾਂ ਨੂੰ ਝੰਗ ਵਿਚ ਖਬਰ ਹੋਣੀ

ਜਾ ਮਾਹੀਆਂ ਪਿੰਡ ਵਿੱਚ ਗੱਲ ਕੀਤੀ ਇੱਕ ਸੁਘੜ ਬੇੜੀ ਵਿੱਚ ਗਾਉਂਦਾ ਏ
ਓਹਦੇ ਬੋਲਿਆਂ ਮੁਖ ਤੋਂ ਫੁਲ ਕਿਰਦੇ ਲੱਖ ਲੱਖ ਦੇ ਸੱਦ ਅਲਾਉਂਦਾ ਏ
ਸੱਣੇ ਲੁਡਣ ਝਬੇਲ ਦੀਆਂ ਦੋਵੇਂ ਰੰਨਾਂ ਸੇਜ ਹੀਰ ਦੀ ਤੇ ਰੰਗ ਲਾਉਂਦਾ ਏ
ਵਾਰਸਸ਼ਾਹ ਕੁਆਰੀਆਂ ਆਫ਼ਤਾਂ ਤੇ ਵੇਖੋ ਕਿਹਾ ਫ਼ਤੁਰ ਹੁਣ ਆਉਂਦਾ ਏ

ਰ੍ਲੋਕਾਂ ਦਾ ਪੁਛਣਾ

ਲੋਕਾਂ ਪੁੱਛਿਆ ਮੀਆਂ ਤੂੰ ਕੌਣ ਹੈਂ ਓ ਅੰਨ ਕਿਸੇ ਨਾ ਆਣ ਖੁਆਲਿਆ ਈ
ਤੇਰੀ ਸ਼ਕਲ ਤਾਂ ਬਹੁਤ ਮਲੂਕ ਦਿੱਸੇ ਐਡਾ ਜਫ਼ਰ ਤੂੰ ਕਾਸਨੂੰ ਜਾਲਿਆ ਈ
ਅੰਗ ਸਾਕ ਕਿਉਂ ਛਡਕੇ ਨੱਸ ਆਇਓ ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈ
ਉਹਲੇ ਅੱਖੀਆਂ ਦੇ ਤੈਨੂੰ ਕਿਵੇਂ ਕੀਤਾ ਕਿਨ੍ਹਾਂ ਦੂਤੀਆ ਦਾ ਕੌਲ ਪਾਲਿਆ ਈ
ਇੱਕੇ ਐਵੇਂ ਹੀ ਰਾਤ ਗੁਜ਼ਾਰੀਆ ਈ ਕਿਸੇ ਦੁੱਧ ਨਾ ਘੁੱਟ ਪਿਵਾਲਿਆ ਈ
ਵਾਰਸ ਹਾਲ ਕੀਕੂੰ ਹੋਗ ਮਾਪਿਆਂ ਦਾ ਜਿਨ੍ਹਾਂ ਨਾਂਹ ਫਰਜ਼ੰਦ ਸੰਭਾਲਿਆ ਈ

ਰਾਂਝੇ ਨੇ ਦਸਣਾ

ਰਾਂਝੇ ਖੋਲ੍ਹਕੇ ਹਾਲ ਅਹਿਵਾਲ ਸਾਰਾ ਉਨ੍ਹਾਂ ਲੋਕਾਂ ਨੂੰ ਚਾ ਸੁਣਾਇਆ ਈ
ਘਰ ਮਾਪਿਆਂ ਦੇ ਰਿਹਾ ਲਾਡਲਾ ਮੈਂ ਦੇਖੋ ਸਾਈਂ ਨੇ ਖੇਲ ਵਿਖਾਇਆ ਈ
ਮੋਏ ਮਾਂ ਤੇ ਬਾਪ ਤਾਂ ਵਖਤ ਪਿਆ ਭਾਈਆਂ ਵਤਨ ਥੀਂ ਚਾ ਤਰਾਹਿਆ ਈ
ਵਾਰਸ ਰੱਬ ਦੇ ਬਾਝ ਨਾ ਤਾਂਘ ਕੋਈ ਬਾਣਾ ਫ਼ਕਰ ਦਾ ਅਸਾਂ ਵਟਾਇਆਂ ਈ

ਹਾਲ ਰਾਂਝੇ

ਰਾਤ ਹੱਸ ਕੇ ਖੇਡ ਗੁਜ਼ਾਰੀਆਂ ਸੂ ਸੁਬਹ ਉੱਠ ਕੇ ਜੀਉ ਉਦਾਸ ਕੀਤਾ
ਰਾਹ ਜਾਂਦੜੇ ਨੂੰ ਝੁੱਗੀ ਨਜ਼ਰ ਆਈ ਡੇਰਾ ਚਾ ਮਲਾਹਾਂ ਦੇ ਪਾਸ ਕੀਤਾ
ਪਲੰਘ ਵਿੱਚ ਬਾਰਾਂਦਰੀ ਵਿਛੀ ਹੈਸੀ ਉੱਤੇ ਖ਼ੂਬ ਵਿਛਾਉਣਾ ਰਾਸ ਕੀਤਾ
ਉਥੇ ਜਾ ਵਜਾ ਕੇ ਵੰਝਲੀ ਨੂੰ ਚਾ ਪਲੰਘ ਉੱਤੇ ਆਮ ਖਾਸ ਕੀਤਾ
ਲੋਕ ਗਿਰਦ ਬੈਠੇ ਰਾਂਝਾ ਗਾਉਂਦਾ ਏ ਹਰ ਕਿਸੇ ਦਾ ਜੀਉੜਾ ਰਾਸ ਕੀਤਾ
ਵਾਰਸਸ਼ਾਹ ਜਾ ਹੀਰ ਨੂੰ ਖਬਰ ਹੋਈ ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ