ਪੰਨਾ:ਹੀਰ ਵਾਰਸਸ਼ਾਹ.pdf/227

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੫)

ਪਤੇ ਵੰਝਲੀ ਦੇ ਏਸ ਠੀਕ ਦਿੱਤੇ ਓਸ ਮੱਝੀਂ ਭੀ ਸਾਡੀਆਂ ਚਾਰੀਆਂ ਨੇ
ਲਾਗੀ ਹੋਇਕੇ ਤੇ ਟਮਕ ਚਾਇਆ ਸੀ ਜੱਗ ਝੱਲੀਆਂ ਬਹੁਤ ਖੁਆਰੀਆਂ ਨੇ
ਖ਼ਬਰਾਂ ਹੋਰ ਭੀ ਅਜਬ ਸੁਣਾਉਂਦਾ ਏ ਗਲਾਂ ਗਹਿਰੀਆਂ ਖ਼ੂਬ ਨਿਤਾਰੀਆਂ ਨੇ
ਵਾਰਸਸ਼ਾਹ ਏਹ ਇਲਮ ਦਾ ਧਨੀ ਡਾਢਾ ਖੋਲ੍ਹ ਕਹੇ ਨਿਸ਼ਾਨੀਆਂ ਸਾਰੀਆਂ ਨੇ

ਕਲਾਮ ਹੀਰ

ਭਲਾ ਦੱਸ ਖਾਂ ਜੋਗੀਆ ਯਾਰ ਸਾਡਾ ਹੁਣ ਕਿਹੜੀ ਤਰਫ਼ ਨੂੰ ਉੱਠ ਗਿਆ
ਵੇਖਾਂ ਆਪ ਹੁਣ ਕਿਹੜੇ ਤਰਫ਼ ਫਿਰਦਾ ਅਤੇ ਮੁੱਝ ਗਰੀਬ ਨੂੰ ਕੁੱਠ ਗਿਆ
ਦੁੱਖ ਯਾਰ ਦਾ ਹੋਯਾ ਨਥੂਰ ਸੀਨੇ ਸੁੱਜ ਫੁਲ ਕੇ ਅਜ ਹੀ ਛੁੱਟ ਗਿਆ
ਮਿਲੇ ਯਾਰ ਤਾਂ ਜਾਨ ਖਲਾਸ ਹੋਵੇ ਸਾਡਾ ਕਾਲਜਾ ਸੱਲ ਕੇ ਸੁੱਟ ਗਿਆ
ਰੁੱਠੇ ਆਦਮੀ ਘਰਾਂ ਵਿੱਚ ਆਣ ਮਿਲਦੇ ਗੱਲ ਸਮਝ ਜਾ ਬੱਧੜੀ ਮੁੱਠ ਗਿਆ
ਘਰਾਂ ਵਿੱਚ ਪੈਂਦਾ ਗੁਣਾਂ ਸੱਜਣਾਂ ਦਾ ਯਾਰ ਹੋਰ ਨਾਹੀਂ ਕਿਸੇ ਗੁੱਠ ਗਿਆ
ਤੈਨੂੰ ਸਾਂਗ ਵਿਛੋੜੇ ਦੀ ਜ਼ਖਮ ਅੱਲਾ ਤਿਵੇਂ ਓਸਦਾ ਘਾ ਨਾ ਛੁੱਟ ਗਿਆ
ਅਖੀਂ ਖੋਲਕੇ ਵੇਖ ਤੂੰ ਵਿਚ ਅੰਗਣ ਯਾਰ ਅੰਦਰੇ ਨਾ ਕਿਤੇ ਗੁੱਠ ਗਿਆ
ਘਰ ਯਾਰ ਤੇ ਢੂੰਡਦੀ ਫਿਰੇ ਬਾਹਰ ਕਿਤੇ ਮਹਿਲ ਨਾ ਮਾੜੀਆਂ ਉੱਠ ਗਿਆ
ਬਾਝ ਯਾਰ ਦੇ ਘੜੀ ਆਰਾਮ ਨਾਹੀਂ ਪਕੜ ਛੁਰੀ ਤੇ ਕਾਲਜਾ ਕੁੱਠ ਗਿਆ
ਕੁਝ ਹੋਈ ਖਤਾ ਹੈ ਤੁੱਧ ਕੋਲੋਂ ਤਾਹੀਏਂ ਯਾਰ ਤੇਰਾ ਤੈਥੋਂ ਰੁੱਠ ਗਿਆ
ਸਾਨੂੰ ਚੈਨ ਅਰਾਮ ਤੇ ਸਬਰ ਨਾਹੀਂ ਸੋਹਣਾ ਯਾਰ ਜਦੋਕਣਾ ਰੁੱਠ ਗਿਆ
ਕੰਮ ਕਿਸਮਤਾਂ ਦੇ ਵੇਖ ਜੋਗੀਆ ਵੇ ਸਿਧਾ ਸੋਚਿਆ ਰਾਹ ਅਪੁੱਠ ਗਿਆ
ਪਲਾ ਲਾਹਕੇ ਦੇਹ ਦੀਦਾਰ ਭੋਰਾ ਵਾਰਸਸ਼ਾਹ ਨਾਹੀਂ ਕਿਤੇ ਉੱਠ ਗਿਆ

ਕਲਾਮ ਜੋਗੀ

ਮੈਥੋਂ ਸੱਚ ਦੀ ਗੱਲ ਜੇ ਪੁਛਣੀ ਏਂ ਕੰਨ ਲਾਇਕੇ ਸੁਣੀ ਮੁਟਿਆਰੀਏ ਨੀ
ਮੈਂ ਤੇ ਖੋਲ੍ਹਕੇ ਬਾਤ ਸੁਣਾਉਣਾ ਹਾਂ ਇੱਸ ਬਾਤ ਨੂੰ ਸਮਝ ਵੀਚਾਰੀਏ ਨੀ
ਸਾੜ ਘੁੰਡ ਨੂੰ ਖੋਲ੍ਹਕੇ ਦੇਖ ਨੈਣਾਂ ਨੀ ਅਨੋਖਿਆਂ ਸਾਲੂਆਂ ਵਾਲੀਏ ਨੀ
ਘੁੰਡ ਖੋਲ੍ਹਕੇ ਕਰੀਂ ਧਿਆਨ ਜ਼ਰਾ ਯਾਰ ਨਜ਼ਰ ਆਵੇ ਰੰਨੇ ਡਾਰੀਏ ਨੀ
ਇਸ ਘੁੰਡ ਵਿੱਚ ਬਹੁਤ ਖਵਾਰੀਆਂ ਨੇ ਅੱਗ ਲਾਇਕੇ ਘੁੰਡ ਨੂੰ ਸਾੜੀਏ ਨੀ
ਘੁੰਡ ਹੁਸਨ ਦੀ ਆਬ ਛੁਪਾ ਲੈਂਦਾ ਵੱਡੇ ਘੁੰਡ ਵਾਲੀ ਰੜੇ ਮਾਰੀਏ ਨੀ
ਘੁੰਡ ਆਸ਼ਕਾਂ ਦੇ ਬੇੜੇ ਡੋਬ ਦੇਂਦਾ ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ
ਤਦੋਂ ਇਹ ਜਹਾਨ ਸਭ ਨਜ਼ਰ ਆਵੇ ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ