ਪੰਨਾ:ਹੀਰ ਵਾਰਸਸ਼ਾਹ.pdf/233

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੧)

ਅਸੀਂ ਸਬਰ ਕਰਕੇ ਚੁੱਪ ਹੋ ਬੈਠੇ ਬਹੁਤ ਔਖੀਆਂ ਇਹ ਫਕੀਰੀਆਂ ਨੇ
ਨਜ਼ਰ ਤਲੇ ਕਿਉਂ ਲਿਆਵੇਂ ਤੂੰ ਕੰਨ ਪਾਟੇ ਜੈਂਦੇ ਹੱਸਦੇ ਨਾਲ ਜੰਜੀਰੀਆਂ ਨੇ
ਜਿਹੜੇ ਦਰਸ਼ਨੀ ਹੁੰਡੜੀ ਵਾਚ ਬੈਠੇ ਸਭ ਚਿੱਠੀਆਂ ਉਨ੍ਹਾਂ ਨੇ ਚੀਰੀਆਂ ਨੇ
ਤੁਸੀਂ ਕਰੋ ਹਯਾ ਕੁਆਰੀਓ ਨੀ ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ
ਕਹੀ ਚੰਦਰੀ ਲਗੀ ਹੈ ਆਣ ਮੱਥੇ ਅੱਖੀਂ ਭਰਦੀਆਂ ਭੌਨ ਭੰਬੀਰੀਆਂ ਨੇ
ਮੈਂ ਤਾਂ ਮਾਰ ਤ੍ੱਟੀਆਂ ਪੱਟ ਸੱਟਾਂ ਮੇਰੀ ਉਂਗਲੀ ਉਂਗਲੀ ਪੀਰੀਆਂ ਨੇ
ਵਾਰਿਸਸ਼ਾਹ ਫੌਜਦਾਰ ਦੇ ਮਾਰਨੇ ਨੂੰ ਸੈਨਾ ਸਾਰੀਆਂ ਵੇਖ ਕਸ਼ਮੀਰੀਆਂ ਨੇ

ਹੀਰ ਦੀ ਸੈਨਤ

ਸੈਨਤ ਮਾਰਕੇ ਹੀਰ ਨੇ ਜੋਗੀੜੇ ਨੂੰ ਕਹਿਆ ਚੁੱਪ ਕਰ ਏਸ ਭੁਕਾਉਨੀ ਹਾਂ
ਤੇਰੇ ਨਾਲ ਜੇ ਏਸ ਨੇ ਵੈਰ ਚਾਯਾ ਮੱਥਾ ਏਸਦੇ ਨਾਲ ਮੈਂ ਲਾਉਨੀ ਹਾਂ
ਰੰਨਾਂ ਨਾਲ ਬਰਾਬਰੀ ਰੰਨ ਹੁੰਦੀ ਵੈਰ ਸੁੱਤੜਾ ਫੇਰ ਜਗਾਉਨੀ ਹਾਂ
ਕੁੜੀਆਂ ਸਾਰੀਆਂ ਸੱਦ ਲਾ ਮਗਰ ਇਹਦੇ ਹੁਣੇ ਤਾਉੜੀ ਵੇਖ ਵਜਾਉਨੀ ਹਾਂ
ਕਰਾਂ ਗਲ ਗਲਾਇਨੇਂ ਨਾਲ ਇਸਦੇ ਗਲ ਏਸਦੇ ਰੇਸ਼ਟਾ ਪਾਉਨੀ ਹਾਂ
ਵਾਰਿਸਸ਼ਾਹ ਮੀਆਂ ਰਾਂਝੇ ਯਾਰ ਅੱਗੇ ਇਹਨੂੰ ਕੰਜਰੀ ਵਾਂਗ ਨਚਾਉਂਨੀ ਹਾਂ

ਕਲਾਮ ਹੀਰ ਸਹਿਤੀ ਨਾਲ


ਹੀਰ ਆਖਦੀ ਏਸ ਫ਼ਕੀਰ ਨੂੰ ਨੀ ਕੇਹਾ ਘੱਤਿਓ ਗੈਰ ਦਾ ਵਾਇਦਾ ਨੀ
ਇਨ੍ਹਾਂ ਆਜਜ਼ਾਂ ਨੂੰ ਪਈ ਮਾਰਨੀਏਂ ਏਸ ਜੀਉਣੇ ਦਾ ਕਿਆ ਫ਼ਾਇਦਾ ਨੀ
ਅੱਲਾ ਵਾਲਿਆਂ ਨਾਲ ਕੀ ਵੈਰ ਚਾਯੋ ਭਲਾਂ ਕੁਆਰੀਏ ਇਹ ਬੁਰਾ ਕਾਇਦਾ ਨੀ
ਪੈਰ ਚੁੰਮ ਫ਼ਕੀਰ ਦੀ ਟਹਿਲ ਕੀਜੇ ਏਸ ਕੰਮ ਵਿੱਚ ਖੈਰ ਦਾ ਜਾਇਜ਼ਾ ਨੀ
ਪਿਛੋਂ ਫੜੇਂਗੀ ਕੁੱਤਕਾ ਜੋਗੀੜੇ ਦਾ ਕੌਣ ਜਾਣਦਾ ਏ ਕਿਹੜੀ ਜਾਇ ਦਾ ਨੀ
ਵਾਰਸਸ਼ਾਹ ਫਕੀਰ ਜੇ ਹੋਣ ਗੁੱਸੇ ਖੌਫ਼ ਸ਼ਹਿਰ ਨੂੰ ਕਹਿਰ ਵਬਾਇ ਦਾ ਨੀ

ਕਲਾਮ ਸਾਹਿਤੀ

ਭਾਬੀ ਇਕਦਰੋਂ ਲੜੇ ਫਕੀਰ ਸਾਨੂੰ ਤੂੰ ਭੀ ਜਿੰਦ ਕੱਢੇਂ ਨਾਲ ਘੂਰੀਆਂ ਦੇ
ਜੇ ਤਾਂ ਹਿੰਗ ਦੇ ਨਿਰਖ ਦੀ ਖ਼ਬਰ ਨਾਹੀਂ ਕਾਹੇ ਪੁੱਛੀਏ ਭਾ ਕਸਤੂਰੀਆਂ ਦੇ
ਜਾਣ ਭਾਬੀਏ ਨੀ ਫ਼ਕਰ ਨਾਗ ਕਾਲੇ ਹੱਕ ਮਿਲਨ ਕਮਾਈਆਂ ਪੂਰੀਆਂ ਦੇ
ਵਹੁਟੀ ਹੋ ਨਾ ਪਹਿਲੜੇ ਰੋਜ਼ ਵੜੀਏਂ ਲੈ ਗਏ ਲਾਗ ਲਾਗੀ ਮਜ਼ਦੂਰੀਆਂ ਦੇ
ਇਨ੍ਹਾਂ ਜੋਗੀਆਂ ਦੇ ਕਾਈ ਵੱਸ ਨਾਹੀਂ ਘੱਤੇ ਰਿਜ਼ਕ ਨੇ ਵਾਇਦੇ ਦੂਰੀਆਂ ਦੇ
ਜੇ ਤਾਂ ਪੱਟ ਪੜਾਉਨਾ ਨਾਂਹ ਹੋਵੇ ਕਾਹੇ ਖੀਜ ਕਰੀਏ ਨਾਲ ਭੂਰੀਆਂ ਦੇ