ਪੰਨਾ:ਹੀਰ ਵਾਰਸਸ਼ਾਹ.pdf/237

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੫)

ਏਸ ਮਾਰ ਮੰਤਰ ਵੈਰ ਪਾ ਦਿੱਤਾ ਚਾਨਚੱਕ ਦੀ ਪਈ ਲੜਾਈਆ ਈ
ਹੀਰ ਨਹੀਂ ਖਾਂਦੀ ਮਾਰ ਅਸਾਂ ਕੋਲੋਂ ਵਾਰਸ ਗੱਲ ਫ਼ਕੀਰ ਤੇ ਆਈਆ ਈ

ਕਲਾਮ ਸ਼ਾਇਰ

ਰੰਨਾਂ ਨਾਲ ਨਾ ਆਉਂਦੇ ਮਰਦ ਵਾਰੇ ਸਹਿਤੀ ਸਣੇ ਲੌੌਂਡੀ ਦੋਵੇਂ ਚੱਠੀਆਂ ਨੇ
ਗੁਨ੍ਹਣ ਪੀਹਣ ਪਕਾਨ ਨੂੰ ਅਡੋ ਅੱਡੀ ਅਤੇ ਲੜਨ ਦੀ ਵਾਰ ਇਕੱਠੀਆਂ ਨੇ
ਉਡਣਹਾਰ ਤੇ ਮੋਹਰਨਾਂ ਡਾਰ ਦੀਆਂ ਜਿਵੇਂ ਨਾਲ ਕਬੂਤਰਾਂ ਰੱਠੀਆਂ ਨੇ
ਮਗਰ ਲਾ ਬਿਗਾਨਿਆਂ ਪੁੱਤਰਾਂ ਨੂੰ ਫੇਰ ਆਪਣੀ ਵਾਰ ਇਹ ਨੱਠੀਆਂ ਨੇ
ਕਦੀ ਢਲਣ ਨਾ ਆਪਣੇ ਪਾਸੜੇ ਤੋਂ ਦੋਵੇਂ ਕੌਡੀਆਂ ਬਾਘੀਆਂ ਗੱਠੀਆਂ ਨੇ
ਬੁਰੇ ਕੰਮ ਨੂੰ ਇਹ ਬਹੁਤ ਕਾਲ੍ਹੀਆਂ ਨੇ ਕਦੀ ਹੋਣ ਨਾ ਧੀਰੀਆਂ ਮੱਠੀਆਂ ਨੇ
ਸ਼ੋਖ ਦੀਦਿਆਂ ਤੇਜ਼ ਜ਼ਬਾਨ ਦੋਵੇਂ ਇਹ ਵੀ ਇਸ਼ਕ ਦੀ ਤੇਗ ਨੇ ਕੁੱਠੀਆਂ ਨੇ
ਆਢਾ ਵਾਂਗ ਕਕੇਜ਼ਈਆਂ ਲਾਇਆ ਨੀ ਆਮ੍ਹੋ ਸਾਮ੍ਹਣੇ ਪੀੜ੍ਹੀਆਂ ਭੱਠੀਆਂ ਨੇ
ਲੜਨ ਲੱਗੀਆਂ ਤੇ ਮੂੰਹ ਲਾਲ ਕਰ ਕੇ ਲੋਹੇ ਲਾਖੀਆਂ ਤੱਤੀਆਂ ਭੱਠੀਆਂ ਨੇ
ਫ਼ੱਕਰ ਨਾਗ ਅਵੱਲੜਾ ਛੇੜਿਆ ਨੀ ਬੜਾ ਗਜ਼ਬ ਕੀਤਾ ਇਨ੍ਹਾਂ ਰੱਠੀਆਂ ਨੇ
ਹੁਣ ਵੇਖ ਫ਼ਕੀਰ ਦੇ ਕੁੱਤਕੇ ਨੂੰ ਚੀਕਾਂ ਮਾਰ ਕੇ ਪਿਛ੍ਹਾਂ ਤਰੱਠੀਆਂ ਨੇ
ਵਾਰਸਸ਼ਾਹ ਸੋਈ ਹੋਣ ਰੰਗ ਭਰੀਆਂ ਪੈਰੀਂ ਫ਼ਕਰ ਦੀ ਆਣ ਜੋ ਢੱਠੀਆਂ ਨੇ

ਸਹਿਤੀ ਦਾ ਜੋਗੀ ਉਤੇ ਗੁਸਾ

ਬਾਣਾ ਫ਼ਕਰ ਦਾ ਪਹਿਨ ਡਰਾਉਨਾ ਏਂ ਪਾ ਸੇਲ੍ਹੀਆਂ ਤੀਹਰੀਆਂ ਚੌਹਰੀਆਂ ਵੇ
ਜਾਤੀ ਨਾਮ ਦੀ ਨਹੀਂ ਤਾਸੀਰ ਤੈਨੂੰ ਗਲਾਂ ਕਰੇਂ ਜ਼ਬਾਨ ਤੋਂ ਖੌਹਰੀਆਂ ਵੇ
ਵੇੜ੍ਹੇ ਵੜਦਿਆਂ ਆਣ ਕੁਪੱਤ ਪਾਯੋ ਛੇੜਾਂ ਛੇੜੀਆਂ ਔਹਰੀਆਂ ਸੌਹਰੀਆਂ ਵੇ
ਮਾਰ ਮਾਰ ਉਭਾਰਸਾਂ ਗੰਜ ਤੇਰਾ ਹੋਣ ਮੱਠੀਆਂ ਸਾਰੀਆਂ ਝੌਰੀਆਂ ਵੇ
ਹੋਕਾ ਵੈਦਗੀ ਤੇ ਦੇਵੇਂ ਬੰਨ੍ਹ ਪੁੜੀਆਂ ਕੁੱਟ ਗੰਢੀਆਂ ਜ਼ਹਿਰ ਦੀਆਂ ਮੌਹਰੀਆਂ ਵੇ
ਨਿਰਾ ਮੂਲ ਗਵਾਇਕੇ ਉੱਠ ਨੱਠੇ ਪਵੇ ਵਣਜ ਤੋਂ ਘਾਟ ਜਿਉਂ ਨੌਹਰੀਆਂ ਵੇ
ਤੇਰੇ ਜਿਹਾਂ ਉਚੱਕਿਆਂ ਸ਼ੋਹਦਿਆਂ ਨੂੰ ਲੱਭ ਲੈਣ ਸਵਾਣੀਆਂ ਗੌਹਰੀਆਂ ਵੇ
ਜ਼ਰਾ ਖੋਟੀਆਂ ਤੇ ਖਰੀਆਂ ਪਰਖ ਲਈਆਂ ਵਾਰਸ ਜਿਹਾਂ ਸਰਾਫੀਆਂ ਜ਼ੌਹਰੀਆਂ ਵੇ

ਕਲਾਮ ਸਹਿਤੀ ਦਾ ਰਵੇਲ ਬਾਂਦੀ ਨਾਲ

ਸਹਿਤੀ ਆਖਿਆ ਉੱਠ ਰਵੇਲ ਬਾਂਦੀ ਖੈਰ ਪਾ ਫ਼ਕੀਰ ਨੂੰ ਕੱਢੀਏ ਨੀ
ਆਟਾ ਘੱਤ ਕੇ ਤੇ ਦੇਈਏ ਬੁੱਕ ਚੀਨਾ ਵਿੱਚੋਂ ਅਲਖ ਫਸਾਦ ਦੀ ਵੱਢੀਏ ਨੀ
ਜ਼ਰਾ ਜੱਟੀਆਂ ਵਾਂਗ ਦੋ ਹਥ ਕਰੀਏ ਜਿਲ੍ਹੀ ਹੋ ਨਾ ਆਲ੍ਹਕੇ ਜੱਡੀਏ ਨੀ