ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/266

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੨)

ਕਲਾਮ ਕੌਲਾਂ

ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ ਜੁਦਾ ਹੋਇਕੇ ਪਿੰਡ ਥੀਂ ਬਾਹਰ ਰਹਿਆ
ਨੈਨਾਂ ਤੇਰਿਆਂ ਜੱਟ ਨੂੰ ਕਤਲ ਕੀਤਾ ਚਾਕ ਹੋਇ ਕੇ ਖੋਲੀਆਂ ਚਾਰ ਰਹਿਆ
ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ ਰਾਂਝਾ ਰੋਇ ਕੇ ਟੱਕਰਾਂ ਮਾਰ ਰਹਿਆ
ਅੰਨ ਕੰਨ ਪੜਾ ਫ਼ਕੀਰ ਹੋਯਾ ਘੱਤ ਮੁੰਦਰਾਂ ਵਿੱਚ ਉਜਾੜ ਰਹਿਆ
ਓਹਨੂੰ ਵੜਨ ਨਾ ਮਿਲੇ ਤੂੰ ਸਤਰ ਖਾਨੇ ਥੱਕ ਟੁੱਟ ਕੇ ਅੰਤ ਨੂੰ ਹਾਰ ਰਹਿਆ
ਤੈਨੂੰ ਚਾਕ ਦੀ ਆਖਦਾ ਮੁਲਕ ਸਾਰਾ ਐਵੇਂ ਓਸਨੂੰ ਮਿਹਣਾ ਮਾਰ ਰਹਿਆ
ਸ਼ਕਰ ਗੰਜ ਮਸਊਦ ਮੈਦੂਦ ਵਾਂਗੂੰ ਓਹ ਤਾਂ ਨਫ਼ਸ ਦੀ ਹਿਰਸ ਨੂੰ ਮਾਰ ਰਹਿਆ
ਸਿੱਧਾ ਨਾਲ ਤਵੱਕਲੀ ਠੱਲ੍ਹ ਬੇੜਾ ਇੱਕੇ ਵਿੱਚ ਡੁਬਾ ਇੱਕੇ ਪਾਰ ਰਹਿਆ
ਜਿਹੜਾ ਵੱਜਣਾ ਢੋਲ ਸੀ ਵੱਜ ਗਿਆ ਅਜੇ ਸ਼ਰਮ ਦੇ ਨਾਲ ਪਿਆਰ ਰਹਿਆ
ਵਾਰਸ ਨੰਗ ਨਾਮੂਸ ਨਾ ਰਹੇ ਓਥੇ ਜਿਥੇ ਇਸ਼ਕ ਦਾ ਲੱਗ ਬਜ਼ਾਰ ਰਹਿਆ

ਕਲਾਮ ਹੀਰ

ਆਕੀ ਹੋ ਬੈਠੇ ਅਸੀਂ ਜੋਗੀੜੇ ਤੋਂ ਜਾਹ ਲਾ ਲੈ ਜ਼ੋਰ ਜੋ ਲਾਉਣਾ ਈਂ
ਅਸੀਂ ਹੁਸਨ ਦੇ ਹੋ ਮਗਰੂਰ ਬੈਠੇ ਚਾਰ ਚਸ਼ਮ ਦਾ ਕਟਕ ਲੜਾਉਣਾ ਈਂ
ਸੁਰਮਾ ਅਖੀਆਂ ਦੇ ਵਿੱਚ ਪਾ ਕੇ ਤੇ ਅਸਾਂ ਵੱਡਾ ਘੁਮੰਡ ਪਵਾਉਣਾ ਈਂ
ਲੱਖ ਜ਼ੋਰ ਤੂੰ ਲਾ ਜੇ ਲਾਉਨਾ ਏਂ ਅਸਾਂ ਬੱਧਿਆਂ ਬਾਝ ਨਾ ਆਉਣਾ ਈਂ
ਰੁੱਖ ਦੇਕੇ ਯਾਰ ਪਿਆਰੜੇ ਨੂੰ ਸੈਦਾ ਰਾਂਝੇ ਦੇ ਨਾਲ ਲੜਾਉਣਾ ਈਂ
ਸੀਤਾ ਪੂਜ ਬੈਠਾ ਸੈਦਾ ਵਾਂਗ ਦਹਿਸਰ ਸੋਨੇ ਲੰਕ ਨੂੰ ਓਸ ਲੁਟਾਉਣਾ ਈਂ
ਸਾਡੇ ਕੌਲ ਤੋਂ ਕੁਝ ਇਤਬਾਰ ਨਾਹੀਂ ਸੀਤਾ ਰਾਮ ਨੂੰ ਮਿਲਣ ਨਾ ਆਉਣਾ ਈਂ
ਖੁਲ੍ਹ ਪਲਕਾਂ ਦਾ ਸ਼ਾਨ ਵਖਾਇਕੇ ਤੇ ਜੋਗੀ ਜਟਾਂ ਨੂੰ ਖਾਕ ਰੁਲਾਉਣਾ ਈਂ
ਰਾਂਝੇ ਕੰਨ ਪੜਾਇਕੇ ਜੋਗ ਲਿਆ ਅਸਾਂ ਜੈਜ਼ੀਆ ਜੋਗ ਤੇ ਲਾਉਣਾ ਈਂ
ਵਾਰਸਸ਼ਾਹ ਉਹ ਬਾਗ ਵਿੱਚ ਜਾ ਬੈਠਾ ਅਸਾਂ ਹਾਸਲਾ ਬਾਗ ਦਾ ਪਾਉਣਾ ਈ

ਕਲਾਮ ਕੌਲਾਂ

ਆਕੀ ਹੋਇਕੇ ਖੇੜਿਆਂ ਵਿਚ ਵੜੀਏਂ ਆਸ਼ਕ ਹੁਸਨ ਦੇ ਵਾਰਸੀ ਜੱਟੀਏ ਨੀ
ਪਿਛਾ ਅੰਤ ਨੂੰ ਦੇਵਣਾ ਹੋਇ ਜਿਸ ਨੂੰ ਝੁੱਗਾ ਓਸਦਾ ਕਾਸਨੂੰ ਪੱਟੀਏ ਨੀ
ਜੇੜ੍ਹਾ ਵੇਖਕੇ ਮੁੱਖ ਨਿਹਾਲ ਹੋਵੇ ਕੀਜੇ ਕਤਲ ਨਾ ਹਾਣ ਪਲੱਟੀਏ ਨੀ
ਆਸ਼ਕ ਸੱਜਰਾ ਈ ਕਰ ਜਾਣੀਏਂ ਨੀ ਦਿਲੋਂ ਹਾਣ ਵਿਸਾਰਕੇ ਹੱਟੀਏ ਨੀ
ਇਹ ਆਸ਼ਕੀ ਵੇਲ ਅੰਗੂਰ ਦੀ ਏ ਮੁੱਢੋਂ ਏਸ ਨੂੰ ਲਾ ਨਾ ਪੱਟੀਏ ਨੀ
ਜਿਉਂ ਜਿਉਂ ਕੱਟੀਏ ਤਿਉਂ ਤਿਉਂ ਹੋਣ ਦੂਣੇ ਰੁੱਤ ਨਾਲ ਜੇ ਏਸਨੂੰ ਕੱਟੀਏ ਨੀ