ਪੰਨਾ:ਹੀਰ ਵਾਰਸਸ਼ਾਹ.pdf/281

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੭)

ਠਾਠਾਂ ਮਾਰਦਾ ਇਸ਼ਕ ਦਰਯਾ ਕਿਸ਼ਤੀ ਮਲੇ ਰਾਹ ਓ ਦਿਲਬਰਾ ਵਾਸਤਾ ਈ
ਤੇਰੇ ਇਸ਼ਕ ਨੇ ਮਾਰ ਬੇਚੈਨ ਕੀਤਾ ਝੁੰਡ ਲਾਹ ਓ ਦਿਲਬਰਾ ਵਾਸਤਾ ਈ
ਮੈਨੂੰ ਨਾਂਹ ਕਰਾਰ ਅਰਾਮ ਆਵੇ ਮਿਲ ਜਾਹ ਓ ਦਿਲਬਰਾ ਵਾਸਤਾ ਈ
ਸੀਨਾ ਸਾਂਗ ਫ਼ਿਰਾਕ ਨੇ ਪਾੜ ਦਿੱਤਾ ਸੀਵੀਂ ਘਾਹ ਓ ਦਿਲਬਰਾ ਵਾਸਤਾ ਈ‘
ਤੇਰੇ ਇਸ਼ਕ ਦੇ ਢੋਲਾਂ ਦੀ ਬੰਬ ਬੋਲੀ ਧ੍ਰਾਹ ਧ੍ਰਾਹ ਓ ਦਿਲਬਰਾ ਵਾਸਤਾ ਈ
ਜੇੜ੍ਹਾ ਬੂਟਾ ਸੀ ਆਸ ਉਮੈਦ ਵਾਲਾ ਲੱਗੀ ਢਾਹ ਓ ਦਿਲਬਰਾ ਵਾਸਤਾ ਈ
ਪਰਦਾ ਇਸ਼ਕ ਨੇ ਨੰਗ ਨਮੂਜ਼ ਵਾਲਾ ਲਿਆ ਲਾਹ ਓ ਦਿਲਬਰਾ ਵਾਸਤਾ ਈ
ਤੋਪਾਂ ਦਗਦੀਆਂ ਹਿਜ਼ਰ ਦੇ ਪੈਣ ਗੋਲੇ ਠਾਹ ਠਾਹ ਓ ਦਿਲਬਰਾ ਵਾਸਤਾ ਈ
ਤੇਰੇ ਹੋਠਾਂ ਦੀ ਸੁਰਖੀ ਹੈ ਅਜਬ ਸੋਹਣੀ ਦਿੱਖਲਾ ਓ ਦਿਲਬਰਾ ਵਾਸਤਾ ਈ
ਤੇਰੀ ਛਾਲ ਛਣਕ ਖ਼ਲ ਖ਼ਾਲ ਪਿਆਰੇ ਪਾਏ ਫਾਹ ਓ ਦਿਲਬਰਾ ਵਾਸਤਾ ਈ
ਮੈਨੂੰ ਅੱਗ ਜੁਦਾਈ ਨੇ ਭੰਨਿਆ ਏਂ ਲੂੰਬਾ ਡਾਹ ਓ ਦਿਲਬਰਾ ਵਾਸਤਾ ਈ
ਸਦਕਾ ਸੈਦੇ ਦੇ ਨਵੇਂ ਪਿਆਰ ਵਾਲਾ ਮਿੱਲ ਜਾਹ ਓ ਦਿਲਬਰਾ ਵਾਸਤਾ ਈ
ਘਰ ਬਾਰ ਵਿਸਾਰ ਫ਼ਕੀਰ ਕੀਤਾ ਤੇਰੀ ਚਾਹ ਓ ਦਿਲਬਰਾ ਵਾਸਤਾ ਈ
ਮੰਗਣ ਗਿਆਂ ਨੂੰ ਮਾਰ ਕੇ ਕੱਢਿਉਈ ਇਹ ਕੀ ਰਾਹ ਓ ਦਿਲਬਰਾ ਵਾਸਤਾ ਈ
ਤੈਨੂੰ ਛੱਡ ਕੇ ਦੱਸ ਮੈਂ ਜਾਂ ਕਿਥੇ ਨਾ ਤਰਸਾ ਓ ਦਿਲਬਰਾ ਵਾਸਤਾ ਈ
ਜਿਨ੍ਹਾਂ ਯਾਰ ਨੂੰ ਦਿਲੋਂ ਵਿਸਾਰਿਆ ਏ ਓ ਗੁਮਰਾਹ ਓ ਦਿਲਬਰਾ ਵਾਸਤਾ ਈ
ਜਾਨ ਲੱਬਾਂ ਤੇ ਆਇਕੇ ਅਟਕ ਰਹੀ ਕਾਹਲਾ ਸਾਹ ਓ ਦਿਲਬਰਾ ਵਾਸਤਾ ਈ
ਰੰਗ ਜ਼ਰਦ ਦੱਮ ਸਰਦ ਤੇ ਲਹੂ ਨੈਣੀ ਵਾਹ ਵਾਹ ਓ ਦਿਲਬਰਾ ਵਾਸਤਾ ਈ
ਯਾਦ ਕਰੀਂ ਉਹ ਕੌਲ ਕਰਾਰ ਪਹਿਲੇ ਹੁਣ ਨਿਬਾਹ ਓ ਦਿਲਬਰਾ ਵਾਸਤਾ ਈ
ਵਾਰਸਸ਼ਾਹ ਨਮਾਜ਼ ਦਾ ਫਰਜ਼ ਵੱਡਾ ਸਿਰੋਂ ਲਾਹ ਓ ਦਿਲਬਰਾ ਵਾਸਤਾ ਈ

ਜੋਗੀ ਦਾ ਸਹਿਤੀ ਨੇ ਕਹਿਣਾ ਮੰਨਣਾ

ਸਣੇ ਸੋਹਣੀ ਮੋਹਣੀ ਹੰਸ ਰਾਣੀ ਮਿਰਗ ਮੋਹਣੀ ਜਾ ਕੇ ਘੱਲਨੀ ਹਾਂ
ਤੇਰੀਆਂ ਪੀਰੀਆਂ ਅਜ਼ਮਤਾਂ ਵੇਖਕੇ ਮੈਂ ਬਾਂਦੀ ਹੋ ਕੇ ਘਰਾਂ ਨੂੰ ਚੱਲਨੀ ਹਾਂ
ਪੀਰੀ ਪੀਰ ਦੀ ਵੇਖ ਮੁਰੀਦ ਹੋਈ ਤੇਰੀਆਂ ਜੁੱਤੀਆਂ ਸਿਰੇ ਤੇ ਝੱਲਨੀ ਹਾਂ
ਦਿਲੋਂ ਸਾਫ਼ ਹੋ ਕੇ ਤੇਰੇ ਪੈਰ ਪਕੜੇ ਹੁਣ ਹੋ ਮੁਰੀਦਨੀ ਚੱਲਨੀ ਹਾਂ
ਮੈਨੂੰ ਮਿਲੇ ਮੁਰਾਦ ਤਾਂ ਜੀਉਨੀ ਹਾਂ ਕਰੋ ਬਖਸ਼ਸ਼ਾਂ ਤਾਂ ਏਥੋਂ ਹੱਲਨੀ ਹਾਂ
ਏਸ ਇਸ਼ਕ ਮੁਰਾਦ ਖੁਆਰ ਕੀਤਾ ਉਹ ਮਲੰਗ ਤੇ ਮੈਂ ਮਲੰਗਨੀ ਹਾਂ
ਘਰ ਬਾਰ ਨੂੰ ਛੱਡ ਮੁਰੀਦ ਹੋਈ ਤੇਰੇ ਜੋਗ ਦੀਆਂ ਸੇਲ੍ਹੀਆਂ ਸੱਲਨੀ ਹਾਂ