ਪੰਨਾ:ਹੀਰ ਵਾਰਸਸ਼ਾਹ.pdf/317

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੯)

ਝੁਗਾ ਆਪਣਾ ਚੌੜ ਚਪੱਟ ਕੀਤਾ ਤੇਰੇ ਵਸਨੇ ਨਾਲ ਕੀ ਸਾਲਿਆ ਓਏ
ਦਰ ਦੁਆਰਿਓਂ ਰੱਬ ਥੀ ਮੰਗ ਬੂਟਾ ਤੇਰੇ ਵਾਸਤੇ ਅਸਾਂ ਨਾ ਪਾਲਿਆ ਓਦੇ
ਵਾਰਸਸ਼ਾਹ ਤਕਦੀਰ ਰਜ਼ਾ ਵਾਲਾ ਉਨ੍ਹਾਂ ਔਲੀਆਂ ਭੀ ਨਹੀਂ ਟਾਲਿਆ ਓਏ

ਕਲਾਮ ਜੋਗੀ

ਚੁੱਪ ਹੋ ਜੋਗੀ ਸਹਿਜ ਬੋਲਿਆ ਏ ਜੱਟਾ ਕਾਹੇ ਨੂੰ ਪਕੜਿਓ ਕਾਹੀਆਂ ਨੂੰ
ਛੱਡ ਅਸੀਂ ਜਹਾਨ ਫ਼ਕੀਰ ਹੋਏ ਇਨ੍ਹਾਂ ਦੌਲਤਾਂ ਤੇ ਬਾਦਸ਼ਾਹੀਆਂ ਨੂੰ
ਯਾਦ ਰੱਬ ਦੀ ਛੱਡ ਕੇ ਕਰਨ ਝੇੜੇ ਢੂੰਡਣ ਉਡਦੀਆਂ ਛੱਡ ਕੇ ਫਾਹੀਆਂ ਨੂੰ
ਤੇਰੇ ਨਾਲ ਨਾ ਚੱਲਣਾ ਨਫ਼ਾ ਕੋਈ ਮੇਰਾ ਇਲਮ ਨਾ ਫੁਰੇ ਵਿਆਹੀਆਂ ਨੂੰ
ਰੰਨਾਂ ਪਾਸ ਫ਼ਕੀਰਾਂ ਨੂੰ ਐਬ ਜਾਣਾ ਜਿਹਾ ਨੱਸਣਾ ਰਣੋੋਂ ਸਿਪਾਹੀਆਂ ਨੂੰ
ਕੀ ਗਰਜ਼ ਹੈ ਕਿਸੇ ਦੇ ਘੱਰ ਜਾਈਏ ਅਸਾਂ ਮੰਨਿਆ ਬੇਪਰਵਾਹੀਆਂ ਨੂੰ
ਰੰਨਾਂ ਸੱਚਿਆਂ ਨੂੰ ਕਰਨ ਚਾ ਝੂਠੇ ਰੰਨਾਂ ਕੈਦ ਕਰਾਂਦੀਆਂ ਰਾਹੀਆਂ ਨੂੰ
ਵਾਰਸ ਕੱਢ ਕੁਰਾਨ ਤੇ ਬਹੇਂ ਮਿੰਬਰ ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ

ਕਲਾਮ ਸੈਦਾ

ਸੈਦਾ ਆਖਦਾ ਰੋਂਦੜੀ ਪਈ ਡੋਲੀ ਚੁੱਪ ਕਰੇ ਨਾਹੀਂ ਹਤਿਆਰੜੀ ਓਏ
ਕੋਈ ਵੱਡੀ ਜਵਾਨ ਹੈ ਖੂਬਸੂਰਤ ਤੱਨ ਕੱਪੜੇ ਵਡੀ ਮੁਟਿਆਰੜੀ ਓਏ
ਇੱਕ ਮੇਰੇ ਹੀ ਨਾਲ ਨਾ ਵੈਰ ਉਸਦਾ ਵੈਰ ਨਾਲ ਹੈ ਟਾਬਰੀ ਸਾਰੜੀ ਓਏ
ਕਦੀ ਕਿਸੇ ਦੇ ਨਾਲ ਨਾ ਢੁੱਕ ਬਹਿੰਦੀ ਸਦਾ ਵੱਸਦੀ ਇੱਕ ਅਕਾਰੜੀ ਓਏ
ਜੇ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ ਚਾ ਘੱਤਦੀ ਚੀਖ ਚਿਹਾਰੜੀ ਓਏ
ਹੱਥ ਲਾਉਣਾ ਪਲੰਘ ਨੂੰ ਮਿਲੇ ਨਾਹੀਂ ਖੌਫ ਖਤਰਿਓਂ ਰਹੇ ਨਿਆਰੜੀ ਓਏ
ਮੈਨੂੰ ਮਾਰਕੇ ਆਪ ਨਿਤ ਰਹੇ ਰੋਂਦੀ ਏਸ ਡੌਲ ਹੀ ਰਹੇ ਨਿਆਰੜੀ ਓਏ
ਨਾਲ ਸੱਸ ਨਨਾਣ ਦੇ ਗੱਲ ਨਾਹੀਂ ਪਈ ਮੱਚਦੀ ਨਿੱਤ ਖੁਆਰੜੀ ਓਏ
ਅਸਾਂ ਓਸਨੂੰ ਮੂਲ ਨਾ ਹੱਥ ਲਾਯਾ ਕਾਈ ਲੋਥ ਲਾਗਰ ਹੈ ਯਾਂ ਭਾਰੜੀ ਓਏ
ਏਵੇਂ ਗਫ਼ਲਤਾਂ ਵਿੱਚ ਬਰਬਾਦ ਕੀਤੀ ਵਾਰਸਸ਼ਾਹ ਇਹ ਉਮਰ ਪਿਆਰੜੀ ਓਏ

ਕਲਾਮ ਸ਼ਾਇਰ

ਜੋਗੀ ਲੀਕ ਘੱਤੀ ਫੇਰ ਵਿੱਚ ਚੌਂਕੇ ਛੁੱਰੀ ਓਸਦੇ ਵਿੱਚ ਖੁਭਾਈਆ ਸੂ
ਖਾਹ ਕਸਮ ਕੁਰਾਨ ਦੀ ਬੈਠ ਜੱਟਾ ਕਸਮ ਚੋਰ ਨੂੰ ਚਾ ਕਰਾਈਆ ਸੂ
ਉਹਦੇ ਨਾਲ ਤੂੰ ਨਾਹੀਓਂ ਅੰਗ ਲਾਯਾ ਛੁਰੀ ਪੱਟ ਕੇ ਧੌਣ ਰਖਾਈਆ ਸੂ
ਫੜਿਆ ਹੁਸਨ ਦੇ ਬਾਗ਼ ਦਾ ਚੋਰ ਸਾਬਤ ਤਾਹੀਏਂ ਓਸਨੂੰ ਕਸਮ ਕਰਾਈਆ ਸੂ
ਏਸ ਇਸ਼ਕ ਕਿਤਾਬ ਦਾ ਮਕਰ ਕਰਕੇ ਨਿਸ਼ਾ ਆਪਣੇ ਮੰਨ ਮਨਾਈਆ ਸੂ