ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/316

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੮)

ਕਲਾਮ ਜੋਗੀ

ਜੋਗੀ ਬੋਲਿਆ ਸੁਣੀ ਆ ਗਲ ਜੱਟਾ ਕੰਮ ਵੇਖ ਲੈ ਓਸਦੇ ਰੰਗ ਦੇ ਨੇ
ਜਦੋਂ ਗ਼ਰਜ ਬਣੇ ਹੋਯੋੋਂ ਤਦੋਂ ਹਾਜ਼ਰ ਦੇਂਦੇ ਮਿਹਣੇ ਰੰਗ ਬਰੰਗ ਦੇ ਨੇ
ਤਕਦੀਰ ਨੂੰ ਮੋੜਨਾ ਭਲਾ ਨਾਹੀਂ ਸੱਪ ਨਾਲ ਤਕਦੀਰ ਦੇ ਡੰਗ ਦੇ ਨੇ
ਕੀਤੀ ਓਸਦੀ ਮੰਨ ਲਈ ਫੱਕਰਾਂ ਨੇ ਤਕਦੀਰ ਨੂੰ ਕੌਣ ਉਲੰਘ ਦੇ ਨੇ
ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ ਦੀਦਵਾਨ ਕਜ਼ਾ ਦੇ ਰੰਗ ਦੇ ਨੇ
ਹਰ ਵਕਤ ਉਹ ਰੱਬਦਾ ਧਿਆਨ ਰੱਖਣ ਨਾਲ ਆਜਜ਼ੀ ਦੇ ਦੁਆ ਮੰਗ ਦੇ ਨੇ
ਜੇੜ੍ਹੇ ਛੱਡ ਜਹਾਨ ਉਜਾੜ ਵੱਸਣ ਸੁਹਬਤ ਔਰਤਾਂ ਦੇ ਕੋਲੋਂ ਸੰਗਦੇ ਨੇ
ਮਰਨ ਦੇਹ ਜੱਟੀ ਜ਼ਰਾ ਵੈਣ ਸੁਣੀਏਂ ਹੌਕੇ ਨਿਕਲਣ ਰੰਗ ਬਰੰਗ ਦੇ ਨੇ
ਕਦੇ ਕਿਸੇ ਦੀ ਕੀਲ ਵਿੱਚ ਨਾਂਹ ਆਏ ਜੇੜ੍ਹੇ ਸੱਪ ਸਿਆਲ ਤੇ ਝੰਗ ਦੇ ਨੇ
ਜੁਆਨ ਮਰੇ ਮਿਹਰੀ ਵੱਡੇ ਰੰਗ ਹੋਸਣ ਖੁਸ਼ੀ ਹੋਈ ਅੱਜ ਮਨ ਮਲੰਗ ਦੇ ਨੇ
ਅਸਾਂ ਚਾ ਕੁਰਾਨ ਤੇ ਤਰਕ ਕੀਤੀ ਸੰਗ ਮਿਹਰੀਆਂ ਦੇ ਕੋਲੋਂ ਸੰਗ ਦੇ ਨੇ
ਸੁਹਬਤ ਖ਼ਲਕ ਦੀ ਐਬ ਹੈ ਫ਼ਕਰ ਤਾਈਂ ਅਤੇ ਮਰਦ ਮਦਾਨੋਂ ਨਾ ਲੰਘਦੇ ਨੇ
ਘਰ ਕਿਸੇ ਦੇ ਅਸਾਂ ਹੁਣ ਨਹੀਂ ਜਾਣਾ ਪੀ ਲਏ ਪਿਆਲੜੇ ਭੰਗ ਦੇ ਨੇ
ਅਸਾਂ ਕਿਸੇ ਦੀ ਨਾ ਪਰਵਾਹ ਰਖੀ ਸ਼ਰਮ ਨਾਲ ਨਾਮੂਸ ਤੇ ਨੰਗ ਦੇ ਨੇ
ਅਸੀਂ ਨੱਸਨੇ ਹਾਂ ਏਸ ਗੱਲ ਕੋਲੋਂ ਤੁਸੀਂ ਕਰੋ ਸਮਿਆਨੜੇ ਜੰਗ ਦੇ ਨੇ
ਵਾਰਸਸ਼ਾਹ ਮੁਨਾਇਕੇ ਸੀਸ ਦਾੜ੍ਹੀ ਹੋ ਰਹੇ ਹਾਂ ਸੰਗ ਤੇ ਰੰਗ ਦੇ ਨੇ

ਜੋਗੀ ਦੇ ਪਾਸ ਸੈਦੇ ਦੀ ਫ਼ਰਿਆਦ

ਸੈਦੇ ਰੋਇਕੇ ਆਹ ਪੁਕਾਰ ਕੀਤੀ ਮੈਨੂੰ ਰੱਬ ਨੇ ਅੱਜ ਨਿਵਾ ਲਿਆ ਓਏ
ਹੱਥ ਬੰਨ੍ਹ ਨੀਵੀਂ ਧੌਣ ਘਾਹ ਮੂੂੰਹ ਵਿੱਚ ਕੱਢ ਮਿੰਨਤਾਂ ਦੰਦੀਆਂ ਭਾਲਿਆ ਓਏ
ਤੇਰੇ ਚੱਲਿਆਂ ਹੋਂਦੀ ਹੈ ਹੀਰ ਚੰਗੀ ਦੋਹੀ ਰੱਬ ਦੀ ਮੁੰਦਰਾਂ ਵਾਲਿਆ ਓਏ
ਬੇਪਰਵਾਹੀਆਂ ਕਿਹੀਆਂ ਚਾਈਆਂ ਨੀ ਮੇਰੀ ਅਰਜ਼ ਸੁਣੀ ਅੱਲਾ ਵਾਲਿਆ ਓਏ
ਅੱਠ ਪਹਿਰ ਹੋਏ ਭੁੁੱਖੇ ਕੋੜਮੇਂ ਨੂੰ ਲੁੱੜ ਗਏ ਹਾਂ ਫ਼ਾਕੜਾ ਜਾਲਿਆ ਓਏ
ਜੱਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ ਅਸਾਂ ਮੁਲਕ ਤੇ ਮਾਂਦਰੀ ਭਾਲਿਆ ਓਏ
ਓਹ ਤਾਂ ਸਾਵਲੀ ਪੀਲੜੀ ਹੋ ਚੱਲੀ ਤੇਰੀ ਖ਼ੈਰ ਦਾ ਪੈਰ ਸੰਭਾਲਿਆ ਓਏ
ਚੰਗੀ ਹੋਏ ਨਾਹੀਂ ਜੱਟੀ ਨਾਗ ਡੰਗੀ ਤੇਰੇ ਚੱਲਿਆਂ ਖੈਰ ਹੈ ਰਾਲਿਆ ਓਏ
ਸਾਨੂੰ ਵਾਸਤੇ ਰੱਬ ਦੇ ਤਾਰ ਜੋਗੀ ਬੇੜਾ ਲਾ ਬੰਨੇ ਮਿਹਰਾਂ ਵਾਲਿਆ ਓਏ
ਲਿਖੀ ਵਿੱਚ ਰਜਾਇ ਦੇ ਮਰੇ ਜੱਟੀ ਜਿਸ ਨੇ ਸੱਪ ਦਾ ਦੁੱਖ ਹੀ ਜਾਲਿਆ ਓਏ
ਤੇਰੀ ਜੱਟੀ ਦਾ ਕੀ ਇਲਾਜ ਕਰਨਾ ਅਸਾਂ ਆਪਣਾ ਕੋੜਮਾ ਗਾਲਿਆ ਓਏ