ਪੰਨਾ:ਹੀਰ ਵਾਰਸਸ਼ਾਹ.pdf/338

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨੦)

ਐਸੇ ਪਾਕ ਦੀਦਾਰ ਦੇ ਦੇਖਣੇ ਨੂੰ ਮੰਗੇ ਨਿੱਤ ਦੁਆ ਰਸੂਲ ਮੀਆਂ
ਸਾਨੂੰ ਇਸ਼ਕ ਮਜਾਜ਼ੀ ਦੀ ਲੋੜ ਨਾਹੀਂ ਕੀਤਾ ਇਸ਼ਕ ਹਕਾਨੀ ਕਬੂਲ ਮੀਆਂ
ਆਸ਼ਕ ਸੋਈ ਜੋ ਇਸ਼ਕ ਵਿੱਚ ਰਹੇ ਕਾਇਮ ਕਦੇ ਹੋ ਨਾ ਬਹੇ ਮਲੂਲ ਮੀਆਂ
ਆਸਕ ਇਸ਼ਕ ਖੁਦਾ ਵਿੱਚ ਮਹਿਵ ਰਹਿੰਦੇ ਕਦੀ ਕਰੇਗਾ ਰੱਬ ਕਬੂਲ ਮੀਆਂ
ਵੱਸ ਇਸ਼ਕ ਦੇ ਤੋਂ ਉਹ ਨੱਸ ਜਾਂਦੇ ਜਿਹੜੇ ਜਨਮ ਦੇ ਜਾਹਲ ਜਹੂਲ ਮੀਆਂ
ਮਾਰੇ ਰੱਬ ਦੇ ਰੱਦ ਖਲੱਕ ਹੋਏ ਹੁਕਮ ਇਸ਼ਕ ਜੇ ਕਰੇ ਅਦੂਲ ਮੀਆਂ
ਆਸ਼ਕ ਛੱਡਕੇ ਇਸ਼ਕ ਦੇ ਰੋਜ਼੍ਹਕਾਂ ਨੂੰ ਹੋਵਣ ਇਸ਼ਕ ਦੇ ਸ਼ੁਗਲ ਮਸ਼ਗੂਲ ਮੀਆਂ
ਉਸੇ ਹੁਕਮ ਉੱਤੇ ਅਮਲ ਆਸ਼ਕਾਂ ਦਾ ਜਿਹੜਾ ਰੱਬ ਦੇ ਫਰਜ਼ ਮਾਸੂਲ ਮੀਆਂ
ਕਰਨ ਤਾਅਨੇ ਮੁਲਾਮਤਾਂ ਆਸ਼ਕਾਂ ਨੂੰ ਅਹਿਮਕ ਅਕਲ ਦੇ ਲੋਕ ਮਜਹੂਲ ਮੀਆਂ
ਇਸ਼ਕ ਰੱਬ ਦਾ ਮੰਨਣਾ ਮਿਸਲ ਫਾਇਲ ਆਸ਼ਕ ਓਸਦੇ ਮਿਸਲ ਮਫਊਲ ਮੀਆਂ
ਵਾਰਸਸ਼ਾਹ ਨੂੰ ਨਾਲ ਸਫ਼ਾਇਤਾਂ ਦੇ ਰੱਬ ਕਰੇ ਦੀਦਾਰ ਵਸੂਲ ਮੀਆਂ

ਕਲਾਮ ਕਾਜ਼ੀ

ਕਾਜ਼ੀ ਆਖਦਾ ਬੋਲ ਫਕੀਰ ਸਾਈਂ ਛੱਡ ਝੂਠ ਦੇ ਦੱਬ ਦਰੇੜਿਆਂ ਨੂੰ
ਅਸਲ ਗਲ ਜੋ ਆਖ ਦਰਗਾਹ ਅੰਦਰ ਲਾਤ ਜ਼ਿਕਰ ਕਰ ਝਗੜਿਆਂ ਝੇੜਿਆਂ ਨੂੰ
ਏਸ ਜੱਟ ਦੀ ਸ਼ਰਮ ਜੇ ਲਾਹ ਸੁੱਟੀ ਖੁਆਰ ਕੀਤਾ ਜੇ ਸਿਆਲਾਂ ਤੇ ਖੇੜਿਆਂ ਨੂੰ
ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ ਦੋਵੇਂ ਫੜੇ ਨੀ ਆਪਣੇ ਫੇੜਿਆਂ ਨੂੰ
ਪਿਛੇ ਮੇਲਕੇ ਚੋ ਪਿਆ ਰਿੜਕਿਆ ਈ ਉਹ ਰੋਵਸੀ ਵਕਤ ਸਹੇੜਿਆਂ ਨੂੰ
ਇਨ੍ਹਾਂ ਜੱਟਾਂ ਦੀ ਸ਼ਰਮ ਜੇ ਲਾਹ ਸੁੱਟੀ ਮੁਫ਼ਤ ਚੰਬੜਿਓਂ ਮਾਲ ਖਹੇੜਿਆਂ ਨੂੰ
ਪਹਿਲਾਂ ਮੱਚਿਓ ਆਣਕੇ ਦਾਵਿਆਂ ਤੇ ਹੈ ਸਲਾਮ ਵੱਲਾਂ ਛੱਲਾਂ ਤੇਰਿਆਂ ਨੂੰ
ਐਵੇਂ ਪਿੰਡ ਉਜਾੜ ਕੇ ਚੱਬ ਚੁੱਕਾ ਹੁਣ ਵਹੁਟੜੀ ਦੇਹ ਖਾਂ ਖੇੜਿਆਂ ਨੂੰ
ਦੁਨੀਆਂ ਦਾਰਾਂ ਨੂੰ ਔਰਤਾਂ ਜ਼ੁਹਦ ਫਕਰਾਂ ਮੀਆਂ ਛੋੜਦੇ ਝਗੜਿਆਂ ਝੇੜਿਆਂ ਨੂੰ
ਛੱਡ ਦੇਹ ਹਯਾ ਦੇ ਨਾਲ ਜੱਟੀ ਨਹੀਂ ਮਾਣਸੇਂ ਦੁੱਰ੍ਰਿਆਂ ਮੇਰਿਆਂ ਨੂੰ
ਹੱਥ ਬੰਨ੍ਹ ਕੇ ਰਾਂਝੇ ਨੇ ਉਠ ਕਿਹਾ ਕਰਾਂ ਅਰਜ ਨਾ ਕਰੀਂ ਬਖੇੜਿਆਂ ਨੂੰ
ਆਓ ਵੇਖ ਲਵੋ ਸੁਨਣ ਵਾਲਿਓ ਜੀ ਇਹ ਕਾਜ਼ੀ ਜੇ ਡੋਬਦੇ ਬੇੜਿਆਂ ਨੂੰ
ਨਿੱਤ ਮਾਲ ਪਰਾਇਆ ਚੁਰਾ ਖਾਂਦੇ ਇਹ ਦੱਸ ਮਸਲੇ ਤਾਈਂ ਫੇੜਿਆਂ ਨੂੰ
ਕਾਜ਼ੀ ਬਹੁਤ ਜੇ ਆਂਵਦਾ ਤਰਸ ਤੈਨੂੰ ਬੇਟੀ ਆਪਣੀ ਬਖਸ਼ ਦੇ ਖੇੜਿਆਂ ਨੂੰ
ਗਜ਼ਬ ਨਾਲ ਕਾਜ਼ੀ ਕਿਹਾ ਸੁਣ ਮੀਆਂ ਅਸੀਂ ਸ਼ਰਹ ਤੇ ਕਰੀਏ ਨਬੇੜਿਆਂ ਨੂੰ
ਮੁਸਲਮਾਨ ਕਰਕੇ ਤੈਨੂੰ ਛੱਡਦਾ ਹਾਂ ਨਹੀਂ ਜਾਣਦੋਂ ਗੁੱਸਿਆਂ ਮੇਰਿਆਂ ਨੂੰ