ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/341

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨੩)

ਲੋਹ ਕਲਮ ਤੇ ਲਿਖੀ ਪਰੀਤ ਮੇਰੀ ਜੁਦਾ ਕੌਣ ਕਰੇ ਅਸਾਂ ਜੁੱਟਿਆਂ ਨੂੰ
ਦੋਵੇਂ ਰਾਹ ਫ਼ਿਰਾਕ ਦੇ ਮਾਰ ਲਏ ਕਰਾਮਾਤ ਮਨਾਂਵਦੇ ਉੱਠਿਆਂ ਨੂੰ ਆ
ਆਹ ਸਬਰ ਦੀ ਮਾਰ ਕੇ ਸ਼ਹਿਰ ਸਾੜੋ ਬਾਦਸ਼ਾਹ ਜਾਣੇ ਅਸਾਂ ਮੁੱਠਿਆਂ ਨੂੰ
ਮੁਰਸ਼ਦ ਪੀਰ ਕਾਮਲ ਹੋਵੇ ਖੱਸ ਦੇਵੇ ਹਾਲ ਕਾਲ ਫ਼ਕੀਰ ਦੇ ਲੁੱਟਿਆਂ ਨੂੰ
ਬਿਨਾਂ ਤਾਲਿਆਂ ਨੇਕ ਦੇ ਕੌਣ ਮੋੜੇ ਵਾਰਸਸ਼ਾਹ ਦੇ ਨਾਲ ਆ ਟੁੱਟਿਆਂ ਨੂੰ

 

ਬਦਦੁਆ ਦੇਣੀ ਹੀਰ ਨੇ


ਹੀਰ ਨਾਲ ਫਿਰਾਕ ਦੇ ਆਹ ਮਾਰੀ ਰੱਥਾ ਵੇਖ ਅਸਾਡੀਆਂ ਭਖਣ ਭਾਹੀਂ
ਅੱਗੇ ਅੱਗ ਪਿੱਛੇ ਸੱਪ ਸ਼ੀਹ ਸਾਡੇ ਸਾਡੀ ਵਾਹ ਨਾ ਚੱਲਦੀ ਚੌਹੀਂ ਰਾਹੀਂ
ਇਕੇ ਮੇਲ ਸਾਂਈਆਂ ਰਾਂਝਾ ਯਾਰ ਮੈਨੂੰ ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂ
ਐਡਾ ਕਹਿਰ ਕੀਤਾ ਦੇਸ ਵਾਲਿਆਂ ਨੇ ਏਸ ਸ਼ਹਿਰ ਨੂੰ ਕਾਦਰਾ ਅੱਗ ਲਾਈਂ
ਹੋਵੇ ਮੇਰਾ ਤੇ ਰਾਂਝੇ ਦਾ ਫੇਰ ਮੇਲਾ ਮੰਗਾਂ ਰੱਬ ਤੋਂ ਅੱਜ ਇਹ ਕਰ ਦੁਆਈਂ
ਵਾਰਸਸ਼ਾਹ ਦੀ ਇਜਜ਼ ਕਬੂਲ ਕਰਨੀ ਤੇਰਾ ਨਾਮ ਸਤਾਰ ਗੁਫ਼ਾਰ ਸਾਈਂ

ਤਥਾ

ਬੀਬੀ ਹੀਰ ਰੁੰਨੀ ਹੱਥ ਬੰਨ੍ਹਕੇ ਤੇ ਆਹੀਂ ਮਾਰ ਕੇ ਮੁਲਕ ਰੁਵਾਇਆ ਈ
ਰੱਬਾ ਓਹ ਪਾਈਂ ਕਹਿਰ ਸ਼ਹਿਰ ਉੱਤੇ ਜੇੜ੍ਹਾ ਘਰ ਫਰਊਨ ਡੁਬਾਇਆ ਈ
ਜੇੜ੍ਹਾ ਕਹਿਰ ਹੋਯਾ ਨਾਜ਼ਲ ਜਿਕਰੀਏ ਤੇ ਉਹਨੂੰ ਘੱਤ ਸ਼ਰੀਂਹ ਚਰਾਇਆ ਈ
ਜਿਹੜੇ ਕਹਿਰ ਦੇ ਨਾਲ ਫਿਰ ਸ਼ਾਹਮਰਦਾ ਇੱਕ ਨਫ਼ਰ ਤੋਂ ਕਤਲ ਕਰਾਇਆ ਈ
ਜਿਹੜਾ ਪਾਇਕੇ ਕਹਿਰ ਤੇ ਸੁੱਟ ਤਖ਼ਤੋਂ ਸੁਲੇਮਾਨ ਤੋਂ ਭੱਠ ਝੁਲਕਾਇਆ ਈ
ਜੇੜ੍ਹੇ ਕਹਿਰ ਦਾ ਯੂਨਸ ਤੇ ਪਾ ਬਦਲਾ ਉਹਨੂੰ ਡੰਗਰੇ ਤੋਂ ਨਿਗਲਵਾਇਆ ਈ
ਜੇੜ੍ਹੇ ਕਹਿਰ ਤੇ ਸਬਕ ਦੀ ਪਕੜ ਕਾਤੀ ਇਸਮਾਈਲ ਨੂੰ ਜ਼ਿਬਾ ਕਰਾਇਆ ਈ
ਜਿਹੜਾ ਘੱਤ ਕੇ ਗਜ਼ਬ ਤੇ ਬੜਾ ਗੁੱਸਾ ਯੂਸਫ ਖੂਹ ਦੇ ਵਿੱਚ ਪਵਾਇਆ ਈ
ਜਿਹੜੇ ਕਹਿਰ ਦੇ ਨਾਲ ਉਸ ਬੁੱਢੜੀ ਤੋਂ ਅਮੀਰ ਹਨਜ਼ਾ ਨੂੰ ਚਾ ਮਰਵਾਇਆ ਈ
ਕੱਕੇ ਬੂਰੇ ਤੇਜ਼ ਜ਼ਬਾਨ ਕੋਲੋਂ ਹਸਨ ਦੇ ਕੇ ਜ਼ਹਿਰ ਵੰਜਾਇਆ ਈ
ਜੇਹੜੇ ਕਹਿਰ ਦੇ ਨਾਲ ਯਜ਼ੀਦੀਆਂ ਤੋਂ ਮਜ਼ਲੂਮ ਹੁਸੈਨ ਕੁਹਾਇਆ ਈ
ਓਹੋ ਕੈਹਿਰ ਘੱਤੀਂ ਇਸ ਸ਼ਹਿਰ ਉੱਤੇ ਸਿਰ ਇਤਨਿਆਂ ਦੇ ਜਿਹੜਾ ਆਇਆ ਈ
ਹੱਥ ਜੋੜ ਕੇ ਹੀਰ ਬਦ ਦੁਆ ਦਿੱਤੀ ਸਾਰਾ ਰੋਇਕੇ ਹਾਲ ਸੁਣਾਇਆ ਈ
ਉਹੋ ਕੈਹਰ ਪਾਈਂ ਏਸ ਦੇਸ ਉੱਤੇ ਕੰਮ ਆਦੀਆਂ ਦੇ ਜਿਹੜਾ ਪਾਇਆ ਈ
ਬਦਲਾ ਬਦਲੇ ਦਾ ਰੱਬ ਨੇ ਕਿਹਾ ਲੋਗੋ ਮੈਂ ਤਾਂ ਜੱਗ ਵਿੱਚ ਆਖ ਸੁਣਾਇਆ ਈ