ਪੰਨਾ:ਹੀਰ ਵਾਰਸਸ਼ਾਹ.pdf/344

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨੬)

ਕੋਈ ਕਰੇ ਜ਼ਿਆਦਤੀ ਮਾਰ ਸੁੱਟਾਂ ਰਿਸ਼ਵਤ ਖੋਰਿਆਂ ਦੇ ਵੱਢਾਂ ਨੱਕ ਹੀਰੇ
ਦੁੱਧ ਵਿਚੋਂ ਮੈਂ ਪਾਣੀ ਨੂੰ ਛਾਣ ਕੱਢਾਂ ਧਰਾਂ ਸੱਚ ਤੇ ਝੂਠ ਦਾ ਤੱਕ ਹੀਰੇ
ਭਲੇ ਬੁਰੇ ਐਥੇ ਆਣ ਰੁਜ਼ੂ ਹੋਏ ਜਿਸਨੂੰ ਧੱਕਣਾ ਈਂ ਹੁਣ ਧੱਕ ਹੀਰੇ
ਇਹ ਵੇਲਾ ਈ ਸੱਚ ਦੇ ਬੋਲਣੇ ਦਾ ਸਿਰ ਤੇ ਵੇਖਦਾ ਸ਼ਾਹ ਫਲੱਕ ਹੀਰੇ
ਲਾਨ੍ਹਤ ਰੱਬ ਦੀ ਪਵੇ ਫਿਟਕਾਰ ਓਨ੍ਹਾਂ ਝੂਠ ਬੋਲਣੇ ਤੇ ਜਿਨ੍ਹਾਂ ਲੱਕ ਹੀਰੇ
ਵੱਲ ਝੂਠ ਦੀ ਕਦੀ ਨਾ ਹਰੀ ਹੋਵੇ ਛਾਂਗੀ ਪੱਤਰੀ ਰਹੀ ਛੜੱਕ ਹੀਰੇ
ਝੂਠ ਜੇਡ ਨਾ ਸਖ਼ਤ ਅਫ਼ਾਤ ਕੋਈ ਸੱਚ ਝੂਠ ਤੋਂ ਕਰੀਂ ਦੋ ਟੁੱਕ ਹੀਰੇ
ਗਲੀਂ ਝੂਠਿਆਂ ਤੌਕ ਜੰਜੀਰ ਹੋਸਣ ਪੈਰੀਂ ਬੇੜੀਆਂ ਹੋਣ ਖੜੱਕ ਹੀਰੇ
ਜਦੋਂ ਸੱਚ ਉਤੇ ਨੀਯਤ ਹੋਗ ਤੇਰ੍ਹੀ ਪੜਦੇ ਰੱਬ ਲੈਸੀ ਸਾਰੇ ਢੱਕ ਹੀਰੇ
ਸੱਚ ਆਖਣੋਂ ਜ਼ਰਾ ਨਾ ਸੰਗ ਰਖੀਂ ਮੂੰਹੋਂ ਬੋਲ ਹੋਕੇ ਬੇਧੜੱਕ ਹੀਰੇ
ਬੇੜੇ ਸੱਚਿਆਂ ਦੇ ਪਾਰ ਲੰਘ ਜਾਸਣ ਇਹ ਤਾਂ ਆਲਮਾਂ ਨੂੰ ਖ਼ਬਰ ਪੱਕ ਹੀਰੇ
ਮੈਂ ਇਨਸਾਫ਼ ਕਰਕੇ ਤੈਨੂੰ ਆਖਨਾ ਹਾਂ ਦਿਲੋਂ ਰੱਖ ਨਾ ਜਾਣ ਪਲੱਕ ਹੀਰੇ
ਤਸਦੀਕ ਹੈ ਬਿੱਲਕਲੱਬ ਕਰਕੇ ਖੋਲ੍ਹ ਦਿਲ ਦੀਆਂ ਕਰ ਨਾ ਸ਼ੱਕ ਹੀਰੇ
ਪਿਆ ਮਾਮਲਾ ਕੌਲ ਇਕਰਾਰ ਵਾਲਾ ਜੱਟੀ ਮੂੰਹ ਤੇ ਫੇਰਕੇ ਢੱਕ ਹੀਰੇ
ਪਲਾ ਓਸਦਾ ਪਕੜ ਲੈ ਜਾਹ ਬੀਬੀ ਜਿਹੜਾ ਜਾਣਨੀਏ ਹੱਕ ਪੱਕ ਹੀਰੇ
ਵਾਰਸ਼ਸ਼ਾਹ ਈਮਾਨ ਨੂੰ ਸਾਫ਼ ਕਰਕੇ ਬਾਹੋਂ ਪਕੜ ਲੈ ਜਾਹ ਬੇਸ਼ੱਕ ਹੀਰੇ

ਕਲਾਮ ਸ਼ਾਇਰ ਦੁਆ ਦੇਣੀ ਰਾਂਝੇ ਅਤੇ ਹੀਰ ਨੇ ਰਾਜੇ ਨੂੰ

ਰੱਬ ਫ਼ਜ਼ਲ ਕੀਤਾ ਰਾਜੇ ਅਦਲ ਕੀਤਾ ਦਿੱਤਾ ਯਾਰ ਨੂੰ ਯਾਰ ਮਿਲਾ ਮੀਆਂ
ਉਨ੍ਹਾਂ ਮੁੱਢ ਕਦੀਮ ਦੀ ਦੋਸਤੀ ਸੀ ਜਾਣੇ ਰੱਬ ਰਸੂਲ ਖ਼ੁਦਾ ਮੀਆਂ
ਰਾਂਝੇ ਦਾ ਹੱਥ ਉਠਾ ਦੁਆ ਕੀਤੀ ਅੱਲਾ ਪਾਕ ਦੀ ਸਿਫ਼ਤ ਸੁਣਾ ਮੀਆਂ
ਤੇਰੇ ਹੁਕਮ ਤੇ ਮੁਲਕ ਵਿੱਚ ਖੈਰ ਹੋਵੇ ਤੇਰੀ ਦੂਰ ਹੋਵੇ ਕੁਲ ਬਲਾ ਮੀਆਂ
ਹੀਰ ਖੋਹ ਕੇ ਰਾਂਝੇ ਦੇ ਹੱਥ ਦਿਤੀ ਕੀਤੀ ਜੋਗੀ ਨੇ ਖ਼ੈਰ ਦੁਆ ਮੀਆਂ
ਘੋੜੇ ਊਠ ਹਾਥੀ ਦੱਮ ਤੋਪਖਾਨੇ ਹਿੰਦ ਸਿੰਧ ਤੇ ਹੁਕਮ ਚਲਾ ਮੀਆਂ
ਅੰਨ ਧੱਨ ਤੇ ਲਛਮੀ ਮੁਲਕ ਦੌਲਤ ਨਿੱਤ ਹੋਵਸੀ ਦੂਣ ਸਵਾ ਮੀਆਂ
ਵਾਰਸਸ਼ਾਹ ਰੱਬ ਆਬਰੋ ਨਾਲ ਰਖੇ ਮੀਟੀ ਮੁੱਠ ਹੀ ਦੇਇ ਲੰਘਾ ਮੀਆ

ਹੀਰ ਅਤੇ ਰਾਂਝਾ ਝੰਗ ਸਿਆਲਾਂ ਨੂੰ

ਲੈ ਕੇ ਹੀਰ ਰਾਂਝਾ ਚਲਿਆ ਦੇਸ ਵੱਲੇ ਚੱਲ ਨੱਢੀਏ ਰੱਬ ਦਿਵਾਈਏਂ ਨੀ
ਚੌਧਰਾਣੀਏਂ ਤਖਤ ਹਜ਼ਾਰੇ ਦੀਏ ਪੰਜਾਂ ਪੀਰਾਂ ਨੇ ਵੱਤ ਘਿਨਾਈਏਂ ਨੀ