ਪੰਨਾ:ਹੀਰ ਵਾਰਸਸ਼ਾਹ.pdf/343

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨੫)

ਘਤ ਕਰੋਪ ਜਿਉਂ ਸੀਤਾ ਮਰੀਚ ਮਾਰਿਓ ਮਹਾਂਦੇਵ ਦਾ ਕੋਪ ਭਨਾਇਆ ਈ
ਓਹਾ ਕਰੀਂ ਕਰੋਪ ਜੇੜ੍ਹਾ ਇਤਨਿਆਂ ਤੇ ਚਿਖਾ ਬੂਹ ਦੇ ਵਿੱਚ ਕਰਾਇਆ ਈ
ਇਹ ਅਰਜ਼ ਅਸਾਡੜੀ ਮੰਨ ਰੱਬਾ ਰਾਂਝੇ ਯਾਰ ਨੇ ਆਖ ਸੁਣਾਇਆ ਈ
ਉਸਦਾ ਆਖਣਾ ਰੱਬ ਮਨਜ਼ੂਰ ਕੀਤਾ ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ
ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ ਲੋਕ ਰਾਜੇ ਦੇ ਪਾਸ ਫਿਰ ਆਇਆ ਈ
ਪਾਣੀ ਘੱਤਿਆਂ ਮੂਲ ਨਾ ਬੁੱਝੇ ਹਰਿਗਿਜ਼ ਅੱਗ ਭੱੜਕੇ ਸ਼ਹਿਰ ਤਪਾਇਆ ਈ
ਵਗੀ ਹੋਈ ਫ਼ਕੀਰ ਦੀ ਕੌਣ ਮੋੜੇ ਕਹਿਰ ਰੱਬ ਨਜ਼ੂਲ ਹੋ ਆਇਆ ਈ
ਵਾਰਸਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ ਚਾਰੋਂ ਤਰਫ਼ ਹੀ ਅੱਗ ਮਚਾਇਆ ਈ

ਕਲਾਮ ਸ਼ਾਇਰ

ਆਹ ਆਸ਼ਕਾਂ ਦੀ ਸੁਣ ਅੱਗ ਮੱਚੀ ਵੇਖੋ ਰਬਦੀਆਂ ਬੇ ਪਰਵਾਹੀਆਂ ਨੂੰ
ਲੱਗੀ ਅੱਗ ਚੌਤਰਫ ਜਾਂ ਸ਼ਹਿਰ ਸਾਰੇ ਕੀਤਾ ਸਾਫ਼ ਸਭ ਝੁੱਗੀਆਂ ਝਾਈਆਂ ਨੂੰ
ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਯਾ ਖ਼ਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰ
ਰਾਜੇ ਪੁਛਿਆ ਇਹ ਕੀ ਜ਼ੁਲਮ ਹੋਯਾ ਕੋਈ ਦਸੋ ਰੇ ਇਨ੍ਹਾਂ ਗਵਾਹੀਆਂ ਨੂੰ
ਪ੍ਰਸ਼ਨ ਲਾ ਨਜ਼ੂਮੀਆਂ ਖਬਰ ਦੱਸੀ ਕੀ ਦੋਸ਼ ਹੈ ਕਲਮ ਸਿਆਹੀਆਂ ਨੂੰ
ਰੱਬ ਆਸ਼ਕਾਂ ਦੋਹਾਂ ਦੀ ਆਹ ਸੁਣੀ ਬਦਲਾ ਮਿਲਿਆ ਏ ਜ਼ੁਲਮ ਕਮਾਈਆਂ ਨੂੰ
ਪਈ ਆਣ ਅਜ਼ਗੈਬ ਦੀ ਇਹ ਆਤਸ਼ ਲੱਗੀ ਮਹਿਲਾਂ ਤੇ ਕਿੱਲੀਆਂ ਖਾਈਆਂ ਨੂੰ
ਜੇ ਤੂੰ ਸੱਦ ਕੇ ਦੁਹਾਂ ਨੂੰ ਕਰੇੇਂ ਰਾਜ਼ੀ ਰੱਬ ਬਖਸ਼ੇਗਾ ਸਭ ਗੁਨਾਹੀਆਂ ਨੂੰ
ਰਾਜੇ ਹੁਕਮ ਕੀਤਾ ਖੇੜੇ ਕਰੋ ਹਾਜ਼ਰ ਨਹੀਂ ਜਾਣਦੇ ਜ਼ਬਤ ਬਾਦਸ਼ਾਹੀਆਂ ਨੂੰ
ਲੋਕਾਂ ਆਖਿਆ ਫ਼ਕਰ ਬਦਦੁਆ ਦਿੱਤੀ ਰਾਜੇ ਭੇਜਿਆ ਤੁਰਤ ਸਿਪਾਹੀਆਂ ਨੂੰ
ਕਹਿਣ ਖੇੜਿਆਂ ਨੂੰ ਚਲੋ ਹੋਵੋ ਹਾਜ਼ਰ ਖੇੜੇ ਫੜੇ ਨੇ ਵੇਖ ਲੌ ਕਾਹੀਆਂ ਨੂੰ
ਹੀਰ ਖੋਹ ਲਈ ਖੇੜੇ ਧਿੱਕ ਦਿੱਤੇ ਤੁਸਾਂ ਚਾੜ੍ਹਸਾਂ ਸੂਲੀਆਂ ਫਾਹੀਆਂ ਨੂੰ
ਹੱਕ ਰਾਂਝੇ ਦਾ ਇਹ ਹੈ ਹੀਰ ਜੱਟੀ ਉੱਠ ਹੋਏ ਹੋ ਮਗਰ ਕਿਉਂ ਰਾਹੀਆਂ ਨੂੰ
ਸਾਨੂੰ ਪਰਤਵਾ ਏਨ੍ਹਾਂ ਵਿਖਾਲ ਦਿਤਾ ਕੁੱਲ ਖਬਰ ਹੈ ਪਾਲੀਆਂ ਮਾਹੀਆਂ ਨੂੰ
ਖੇੜੇ ਹੋ ਮਾਯੂਸ ਸਭ ਉੱਠ ਚੱਲੇ ਬੈਠੇ ਝੂਰਦੇ ਦਾਗ਼ ਸਿਆਹੀਆਂ ਨੂੰ
ਵਾਰਸ ਸੂਮ ਸਲਵਾਤ ਦੀ ਪੁੱਛ ਹੋਈ ਏਨ੍ਹਾਂ ਦੀਨ ਅਮਾਨ ਉਗਾਹੀਆਂ ਨੂੰ

ਹੀਰ ਅਤੇ ਰਾਂਝੇ ਦਾ ਰਾਜੇ ਪਾਸ ਹਾਜ਼ਰ ਹੋਣਾ

ਦੋਵੇਂ ਰਾਜੇ ਦੇ ਆ ਹਜ਼ੂਰ ਹੋਏ ਰਾਜੇ ਆਖਿਆ ਹੱਕ ਨੂੰ ਤੱਕ ਹੀਰੇ
ਮੁਸਲਮਾਨ ਹੈਂ ਤੂੰ ਮੁਸਲਮਾਨਜ਼ਾਦੀ ਦਿੱਲ ਵਿੱਚ ਨਾ ਰੱਖ ਤੂੰ ਸ਼ੱਕ ਹੀਰੇ