ਪੰਨਾ:ਹੀਰ ਵਾਰਸਸ਼ਾਹ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭)

ਵਾਰਸਸ਼ਾਹ ਫਕੀਰ ਨਾ ਹੋਣ ਹਰਗਿਜ਼ ਪੁਤਰ ਨਾਈਆਂ ਮੋਚੀਆਂ ਤੇਲੀਆਂ ਦੇ

ਮਲਕੀ ਨੂੰ ਰੰਨਾਂ ਨੇ ਤਾਨ੍ਹਾ ਮਾਰਨਾ

ਮਾਊਂ ਹੀਰ ਦੀ ਤੇ ਲੋਕ ਕਰਨ ਚੁਗਲੀ ਤੇਰੀ ਮਲਕੀਏ ਧੀ ਖ਼ਰਾਬ ਹੈ ਨੀ
ਅਸੀਂ ਮਾਸੀਆਂ ਫੁਫੀਆਂ ਲੱਜ ਮੋਈਆਂ ਸਾਡਾ ਅੰਦਰੋਂ ਹੀ ਕਬਾਬ ਹੈ ਨੀ
ਇਹ ਤਾਂ ਨਦੀ ਚਨ੍ਹਾਉਂ ਤੇ ਨਸ਼ਰ ਹੋਈ ਏਸ ਦੁੱਖ ਦਾ ਅਸਾਂ ਅਜ਼ਾਬ ਹੈ ਨੀ
ਅਸੀਂ ਮਨ੍ਹਾਂ ਕਰੀਏ ਸ਼ਗੋਂ ਸ਼ੋਖ ਹੁੰਦੀ ਦੇਂਦੀ ਠੋਕ ਕੇ ਰੋਕ ਜਵਾਬ ਹੈ ਨੀ
ਧੀਆਂ ਸਾਡੀਆਂ ਦਾ ਸਾਨੂੰ ਫ਼ਿਕਰ ਹੋਯਾ ਤੇਰੀ ਧੀ ਦਾ ਹੋਰ ਹਿਸਾਬ ਹੈ ਨੀ
ਨਾਲ ਚਾਕ ਦੇ ਨੇਹੁੰ ਲਗਾਇਆ ਸੁ ਅੱਠੇ ਪਹਿਰ ਰਹਿੰਦੀ ਗਰਕਾਬ ਹੈ ਨੀ
ਬੇਲੇ ਜਾਂਦੀ ਮਸੀਤ ਦਾ ਨਾਮ ਲੈ ਕੇ ਕੱਛੇ ਮਾਰ ਕੁਰਾਨ ਕਿਤਾਬ ਹੈ ਨੀ
ਲੋਕਾਂ ਭਾਣੇ ਮਸੀਤ ਦੇ ਵਿੱਚ ਪੜ੍ਹਦੀ ਉਹਦੇ ਸਬਕ ਦਾ ਵਖਰਾ ਬਾਬ ਹੈ ਨੀ
ਚਾਕ ਨਾਲ ਇਕੱਲੀਆਂ ਜਾਣ ਬੇਲੇ ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ
ਸ਼ੰਮਸਦੀਨ ਕਾਜੀ ਕਰੇ ਨਿੱਤ ਮਸਲੇ ਸ਼ੋਖ ਧੀਊ ਦਾ ਵਿਆਹ ਸਵਾਬ ਹੈ ਨੀ
ਤੇਰੀ ਕੁੜੀ ਦਾ ਮਗਜ਼ ਹੈ ਬੇਗ਼ਮਾਂ ਦਾ ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਨੀ
ਵਾਰਸਸ਼ਾਹ ਮੂੰਹ ਉਂਗਲੀਆਂ ਲੋਕ ਘੱਤਨ ਚੜ੍ਹੀ ਹੀਰ ਨੂੰ ਲੋੜ੍ਹੇ ਦੀ ਆਬ ਹੈ ਨੀ

ਕੈਦੋ ਮਲਕੀ ਨੂੰ ਆਖਦਾ ਹੈ

ਕੈਦੋ ਆਖਦਾ ਧੀ ਵਿਆਹ ਮਲਕੀ ਦ੍ਰੋਹੀ ਰੱਬ ਦੀ ਮੰਨ ਲੈ ਡਾਇਣੇ ਨੀ
ਇੱਕੇ ਮਾਰਕੇ ਵੱਢਕੇ ਕਰੀਂ ਬੇਰੇ ਮੂੰਹ ਸਿਰ ਭੰਨ ਚੋਆਂ ਨਾਲ ਸਾਇਣੇ ਨੀ
ਦੇਖ ਧੀ ਦੇ ਲਾਡ ਕੀ ਦੰਦ ਕਢੇਂ ਅੰਤ ਝੂਰਸੇਂ ਰੰਨ ਕਸਾਇਣੇ ਨੀ
ਇੱਕੇ ਬੰਨ੍ਹਕੇ ਭੋਰੇ ਹੀ ਚਾ ਘਤੇਂ ਲਿੰਬ ਵਾਂਗ ਭੜੋਲੇ ਦੇ ਆਇਣੇ ਨੀ
ਗੁਸੇ ਨਾਲ ਮਲਕੀ ਤੱਪ ਲਾਲ ਪਈ ਝੱਬ ਦੌੜ ਜਾ ਮਿੱਠੀਏ ਨਾਇਣੇ ਨੀ
ਸਦ ਲਿਆ ਤੂੰ ਹੀਰ ਨੂੰ ਢੂੰਢਕੇ ਤੇ ਤੈਨੂੰ ਮਾਂ ਸਦੇਂਦੀਏ ਡਾਇਣੇ ਨੀ
ਖੜਦੁੰਬੀਏ ਮੀਣੀਏ ਪਾੜੀਏ ਨੀ ਮੁਸ਼ਟੰਡੀਏ ਯਾਰ ਦੀਏ ਦਾਇਣੇ ਨੀ
ਵਾਰਸਸ਼ਾਹ ਵਾਂਗੂੰ ਕਿੱਤੇ ਡੁੱਬ ਮੋਈਏ ਘਰ ਆ ਸਿਆਪੇ ਦੀਏ ਨਾਇਣੇ ਨੀ

ਗੁਸਾ ਮਲਕੀ

ਹੀਰ ਆਇਕੇ ਆਖਦੀ ਹੱਸ ਕੇ ਤੇ ਅਨੀ ਝਾਤ ਨੀ ਅੰਬੜੀਏ ਮੇਰੀਏ ਨੀ
ਤੇਨੂੰ ਡੂੰਘੜੇ ਖੂਹ ਵਿੱਚ ਚਾ ਬੋੜਾਂ ਕੁਲ ਨੂੰ ਪੱਟਿਓ ਈ ਬੱਚੀ ਮੇਰੀਏ ਨੀ
ਗੁਸੇ ਨਾਲ ਮਲਕੀ ਕਹੇ ਹੀਰ ਤਾਈਂ ਸਾਨੂੰ ਪੱਟਿਓ ਚਾਕ ਦੀਏ ਚੇਰੀਏ ਨੀ
ਧੀ ਜਵਾਨ ਜੇ ਨਿਕਲੇ ਘਰੋਂ ਬਾਹਰ ਲੱਗੇ ਵੱਸ ਤਾਂ ਖੂਹ ਨਘੇਰੀਏ ਨੀ
ਕੋਤਲ ਵਾਂਗ ਫਿਰੇਂ ਖੁਲ੍ਹੀ ਵਿੱਚ ਬੇਲੇ ਆ ਠਹਿਰ ਨਾ ਕੁੱਦ ਵਛੇਰੀਏ ਨੀ