ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੪)

ਕਲਾਮ ਹੀਰ

ਤੁਸੀਂ ਏਸ ਦੇ ਖਿਆਲ ਨਾ ਪਵੋ ਅੜੀਓ ਨਹੀਂ ਘੱਟ ਕਝ ਏਸ ਬਪਾਰ ਉੱਤੋਂ
ਨੀ ਮੈਂ ਜੀਉਂਦੀ ਏਸ ਬਿਨ ਰਹਾਂ ਕੀਕੂੰ ਘੋਲ ਘੋਲ ਘੱਤੀ ਰਾਂਝੇ ਯਾਰ ਉੱਤੋਂ
ਮੈਂ ਤੇ ਇਹ ਵਿਹਾਝ ਵਿਹਾਝ ਲਿਆ ਸੌਦਾ ਕੀਤਾ ਹੈ ਉੜਦ ਬਾਜ਼ਾਰ ਉੱਤੋਂ
ਮੇਰੇ ਆਖਣੇ ਤੇ ਮਹੀਂ ਚਾਰਦਾ ਏ ਲੋਕ ਖੱਟਦੇ ਕਸਬ ਰੁਜ਼ਗਾਰ ਉੱਤੋਂ
ਝਲਾਂ ਬੇਲਿਆਂ ਵਿਚ ਇਹ ਫਿਰੇ ਭੌਂਦਾ ਸਿਰ ਵੇਚਦਾ ਮੈਂ ਗੁਨਾਹਗਾਰ ਉੱਤੋਂ
ਮੇਰੇ ਵਾਸਤੇ ਕਾਰ ਕਮਾਉਂਦਾ ਏ ਮੇਰੀ ਜਿੰਦ ਘੋਲੀ ਇਹਦੀ ਕਾਰ ਉੱਤੋਂ
ਤਦੋਂ ਭਾਬੀਆਂ ਸਾਕ ਨਾ ਬਣਦੀਆਂ ਸੀ ਜਦੋਂ ਸੁੱਟਿਆ ਪਕੜ ਪਹਾੜ ਉੱਤੋਂ
ਘਰੋਂ ਭਾਬੀਆਂ ਚਾ ਜਵਾਬ ਦਿੱਤਾ ਭਾਈਆਂ ਭੁਈਂ ਦੀ ਪੱਟੀਆਂ ਚਾਰ ਉੱਤੋਂ
ਨਾ ਉਮੈਦ ਹੋ ਕੇ ਵਤਨ ਛੱਡ ਤੁਰਿਆ ਮੋਤੀ ਤੁਰੇ ਜਿਉਂ ਪੱਟ ਦੀ ਤਾਰ ਉੱਤੋਂ
ਇਹ ਆਖਦਾ ਮੈਂ ਨਹੀਂ ਜਾਵਣਾ ਜੇ ਭਾਵੇਂ ਲਾ ਲੌ ਜ਼ੋਰ ਸਰਕਾਰ ਉੱਤੋਂ
ਬਿਨਾਂ ਮਿਹਨਤਾਂ ਮਸਕਲੇ ਲੱਖ ਫੇਰੋ ਨਹੀਂ ਮੋਰਚਾ ਜਾਏ ਤਲਵਾਰ ਉੱਤੋਂ
ਇਹ ਮੇਹਣਾ ਲਹੇਗਾ ਕਦੀ ਨਾਹੀਂ ਏਹਨਾਂ ਸਿਆਲਾਂ ਦੇ ਸਭ ਪ੍ਰਵਾਰ ਉੱਤੋਂ
ਨਢੀ ਆਖਸਨ ਝਗੜਦੀ ਨਾਲ ਲੋਕਾਂ ਏਸ ਸੋਹਣੇ ਭੰਬੜੇ ਯਾਰ ਉੱਤੋਂ
ਵਾਰਸਸ਼ਾਹ ਸਮਝਾ ਤੂੰ ਭਾਈਆਂ ਨੂੰ ਹੁਣ ਮੁੜੇ ਨਾ ਲੱਖ ਹਜ਼ਾਰ ਉੱਤੋਂ

ਚੂਚਕ ਨੇ ਸਿਆਲਾਂ ਨਾਲ ਹੀਰ ਦੇ ਵਿਆਹ ਦੀ ਸਲਾਹ ਕਰਨੀ

ਚੂਚਕ ਸੱਦ ਭਾਈ ਪਰ੍ਹੇ ਲਾ ਬੈਠਾ ਕਿਤੇ ਹੀਰ ਨੂੰ ਚਾ ਪਰਣਾਈਏ ਜੀ
ਆਖੋ ਰਾਂਝੇ ਦੇ ਨਾਲ ਵਿਆਹ ਦੇਵਾਂ ਇਕੇ ਬੰਨੜੇ ਚਾ ਮੰਗਾਈਏ ਜੀ
ਹਥੀਂ ਆਪਣੀ ਕਿਤੇ ਸਮਾਨ ਕੀਜੇ ਜਾਣ ਬੁੱਝ ਕੇ ਲੀਕ ਨਾ ਲਾਈਏ ਜੀ
ਭਾਈਆਂ ਆਖਿਆ ਚੂਚਕਾ ਇਹ ਮਸਲਤ ਅਸੀਂ ਆਖਦੇ ਨਾ ਸ਼ਰਮਾਈਏ ਜੀ
ਸਾਡਾ ਆਖਿਆ ਜੋਕਰਾਂ ਮੰਨ ਲਏ ਅਸੀਂ ਖੋਹਲਕੇ ਚਾ ਸੁਣਾਈਏ ਜੀ
ਵਾਰਸਸ਼ਾਹ ਫ਼ਕੀਰ ਪਰੇਮ ਸ਼ਾਹੀ ਹੀਰ ਉਸ ਤੋਂ ਪੁਛ ਮੰਗਾਈਏ ਜੀ

ਚੂਚਕ ਨੂੰ ਸਿਆਲਾਂ ਨੇ ਆਖਿਆ

ਕਦੀ ਰਾਂਝਿਆਂ ਨਾਲ ਨਾ ਸਾਕ ਕੀਤਾ ਨਹੀਂ ਦਿਤੀਆਂ ਅਸਾਂ ਕੁੜਮਾਈਆਂ ਓਏ
ਕਿਥੋਂ ਰੁਲਦੇ ਗੋਲਿਆਂ ਆਕਿਆਂ ਨੂੰ ਮਿਲਣਇਹ ਸਿਆਲਾਂ ਦੀਆਂ ਜਾਈਆਂ ਓਏ
ਨਾਲ ਖੇੜਿਆਂ ਦੇ ਇਹ ਸਾਕ ਕੀਜੋ ਦਿੱਤੀ ਮਸਲਤ ਸਭਨਾਂ ਭਾਈਆਂ ਓਏ
ਭਲਿਆਂ ਸਾਕਾਂ ਦੇ ਨਾਲ ਦਾ ਸਾਕ ਕੀਜੋ ਧੁਰੋਂ ਇਹ ਜੋ ਹੁੰਦੀਆਂ ਆਈਆਂ ਓਏ
ਖੇੜਾ ਸਾਕ ਚੰਗਾ ਕਿਹਾ ਮੰਨ ਸਾਡਾ ਪਿਛੋਂ ਫਿਰੇਂਗਾ ਢੂੰਡਦਾ ਜਾਈਆਂ ਓਏ
ਵਾਰਸਸ਼ਾਹ ਅੰਗਿਆਰੀਆਂ ਭਖਦੀਆਂ ਨੀ ਕਿਸੇ ਵਿਚ ਬਾਰੂਦ ਚ ਪਾਈਆਂ ਓਏ