ਪੰਨਾ:Alochana Magazine 1st issue June 1955.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਲਬੀਰ ਸਿੰਘ 'ਦਿਲ'

ਚਾਤ੍ਰਿਕ ਦੀ ਕਵਿਤਾ ਵਿਚ "ਮੌੌਤ"

ਅਪਣੀ ਮੌੌਤ ਤੋਂ ਤਿੰਨ ਦਿਨ ਪਹਿਲੇ ਚਾਤ੍ਰਿਕ ਜੀ ਨੇ ਇਕ ਕਵਿਤਾ ਲਿਖੀ ਸੀ, ਜਿਸਦੀਆਂ ਛੇਕੜਲੀਆਂ ਤੁਕਾਂ ਇਹ ਸਨ:-

ਤੁਰਨ ਨੂੰ ਮੈਂ ਹੋ ਕੇ ਹਾਂ ਤੱਯਾਰ ਬੈਠਾ
ਜਦੋਂ ਹੁਕਮ ਤੇਰਾ ਤਕਦੀਰ ਲਿਆਈ।

ਮਿਰੀ ਮੌਤ ਤੇ ਲੋਕੋ ਮਾਤਮ ਨਾ ਕਰਨਾ
ਮਿਲੇ ਬੰਦੂ ਚਾਤ੍ਰਿਕ ਨੂੰ ਦੇਣਾ ਵਧਾਈ।

ਮੌਤ ਨੂੰ ਰੱਬੀ ਹੁਕਮ ਸਮਝਕੇ ਹਰਦਮ ਤਿਆਰ ਰਹਿਣ ਵਾਲਾ ਕਵੀ ਇਕ ਮਹਾਂ ਆਤਮਾ ਦਾ ਸੁਆਮੀ ਸੀ। ਜੀਵਨ-ਪੰਧ ਦੇ ਅੰਤਮ ਪੜਾ ਉਤੇ ਪੁੱਜਕੇ ਕਵੀ ਚਾਤ੍ਰਿਕ ਨੂੰ ਲੰਮੀਆਂ ਬੀਮਾਰੀਆਂ ਨੇ ਆਣ ਘੇਰਿਆ ਸੀ, ਜਿਨ੍ਹਾਂ ਨਾਲ ਨਾਲ ਘੁਲਦਿਆਂ ੧੭ ਦਸੰਬਰ ੧੯੫੪ ਨੂੰ ਉਸਨੇ ਦਮ ਤੋੜ ਦਿੱਤਾ| ਬੁਢੇੇਪੇ ਵਿਚ ਖਾਸ ਕਰਕੇ ਜਦੋਂ ਸਰੀਰ ਨੂੰ ਅਸਾਧ ਰੋਗ ਨਿਰਬਲ ਅਤੇ ਨਿਝਾਣਾ ਕਰ ਦੇਣ, ਮਨ ਵਿੱਚ ਬੇਚੈਨੀ, ਕਹਲਾਪਣ ਅਤੇ ਨਿਰਾਸਤਾ ਬਹੁਤ ਵਧ ਜਾਂਦੀ ਹੈ। ਪਰ ਕਵੀ ਚਾਤ੍ਰਿਕ ਦੀਆਂ ਉਪਰੋਕਤ ਤੁਕਾਂ ਇਸ ਗੱਲ ਦੀ ਸਾਖੀ ਭਰਦੀਆਂ ਹਨ, ਕਿ ਅੰਤਲੇ ਦਿਨਾਂ ਵਿਚ ਕਵੀ ਦੇ ਮਨ ਵਿਚ ਅਸ਼ਾਂਤੀ ਅਤੇ ਨਿਰਾਸਤਾ ਦੀ ਥਾਂ ਸਗੋਂ ਠਰੰਮਾ ਤੇ ਆਸ਼ਾਵਾਦ ਵਧ ਰਿਹਾ ਸੀ।

ਜਦ ਤੋਂ ਦੁਨੀਆਂ ਬਣੀ ਹੈ, ਮੌਤ ਦਾ ਡਰ ਮਨੁੱਖ ਦੇ ਮਨ ਵਿੱਚ ਟਿਕਿਆ ਆ ਰਿਹਾ ਹੈ। ਇਹ ਡਰ ਕਿਸੇ ਯੁਗ ਵਿਚ ਵੀ ਖਤਮ ਨਹੀਂ ਹੋਇਆ, ਸੁਚੇਤ ਜਾਂ ਅਚੇਤ ਅਵਸਥਾ ਵਿਚ ਭਾਵੇਂ ਬਦਲਦਾ ਰਹਿੰਦਾ ਹੈ। ਅਜੋਕੇ ਸੰਸਾਰ ਵਿੱਚ ਵਗਿਆਨ ਦੀ ਉਨਤੀ ਵੀ ਇਸ ਡਰ ਨੂੰ ਨਹੀਂ ਘਟਾ ਸਕੀ। ਪੂਰਬ ਅਤੇ ਪੱਛਮ ਕਿਤੇ ਵੀ ਸ਼ਾਂਤੀ ਨਹੀਂ ਦਿੱਸਦੀ, ਹਰ ਪਾਸੇ ਮੌਤ ਦਾ ਸਹਿਮ ਕੋਮਲ ਮਨੁੱਖਤਾ ਨੂੰ ਆਪਣੇ ਕਰੜੇ ਪੰਜਿਆਂ ਵਿਚ ਜਕੜੀ ਬੈਠਾ ਹੈ। ਸੋ ਮੌਤ ਦੇ ਡਰ ਨੂੰ ਘਟਾਉਣ ਵਾਲਾ ਹਰ ਕਰਤਵ, ਹਰ ਕਲਾ ਅਤੇ ਹਰ

੩੦