ਪੰਨਾ:Alochana Magazine April-May 1963.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਇਕ ਮਿਆਨ ਦੋ ਤਲਵਾਰਾਂ' ਨਾਨਕ ਸਿੰਘ ਦਾ ਇਤਿਹਾਸਕ ਨਾਵਲ ਹੈ । ਇਸ ਵਿਚ ਨਾਨਕ ਸਿੰਘ ਨੇ ਗਦਰ ਪਾਰਟੀ ਦੀਆਂ ਸਰਗਰਮੀਆਂ ਨੂੰ ਨਾਵਲ ਦੇ ਰੂਪ ਵਿਚ ਪੇਸ਼ ਕੀਤਾ ਹੈ । ਇਹ ਜਤਨ ਸ਼ਲਾਘਾਯੋਗ ਹੈ । ਇਸ ਦੀ ਕਹਾਣੀ ਵਿਸ਼ੇਸ਼ ਤੌਰ ਤੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਦੁਆਲੇ ਘੁੰਮਦੀ ਹੈ ਜੋ ਨਾਵਲ ਦਾ ਨਾਇਕ ਹੈ । ਇੰਜ ਨਾਨਕ ਸਿੰਘ ਨੇ ਇਤਿਹਾਸਕ ਨਾਵਲ ਦੀ ਪਰਚਲਤ ਤਕਨੀਕ ਨੂੰ ਅਪਣਾਇਆ ਹੈ । ਅਜਿਹਾ ਨਾਵਲ ਲਿਖਣ ਲਈ ਜਿਸ ਵਿਸ਼ੇਸ਼ ਅਨੁਭਵ ਅਤੇ ਗਿਆਨ ਦੀ ਲੋੜ ਹੁੰਦੀ ਹੈ, ਉਸਦੀ ਇਸ ਨਾਵਲ ਵਿਚ ਘਾਟ ਹੈ । ਨਾਵਲ ਦੀਆਂ ਘਟਨਾਵਾਂ ਬਿਖਰੀਆਂ ਹੋਈਆਂ ਹਨ ਅਤੇ ਕਈ ਥਾਵਾਂ ਤੇ ਇਨ੍ਹਾਂ ਵਿਚ ਕੋਈ ਸਬੰਧ ਹੀ ਨਹੀਂ। ਇਸ ਤੋਂ ਇਲਾਵਾ ਨਾਨਕ ਸਿੰਘ ਵਿਸ਼ੇਸ਼ ਜਤਨ ਕਰਨ ਦੇ ਬਾਵਜੂਦ ਵੀ Objectivity ਪ੍ਰਾਪਤ ਨਹੀਂ ਕਰ ਸਕਿਆ । ਨਾਵਲ ਬਿਖਰਿਆ ਹੋਇਆ ਹੈ ਅਤੇ ਥਾਂ ਥਾਂ ਤੇ ਫੁਟ ਨੋਟਾਂ ਰਾਹੀਂ ਇਹ ਸਪਸ਼ਟ ਕਰਨ ਦਾ ਜਤਨ ਕੀਤਾ ਹੋਇਆ ਹੈ ਕਿ ਇਤਿਹਾਸਕ ਘਟਨਾਵਾਂ ਤੋਂ ਲੇਖਕ ਨੇ ਕਿਸੇ ਤਰ੍ਹਾਂ ਵੀ ਲਾਂਭੇ ਜਾਣ ਦਾ ਜਤਨ ਨਹੀਂ ਕੀਤਾ । ਪਰ ਨਾਨਕ ਸਿੰਘ ਨੇ ਨਾਵਲ ਵਿਚ ਜਿਸ ਵਿਸ਼ੇ ਨੂੰ ਛੋਹਿਆ ਹੈ ਉਹ ਲੇਖਕ ਦੇ ਮਨ ਵਿਚੋਂ ਉੱਠੀ ਕਿਸੇ ਪ੍ਰੇਰਨਾ ਦਾ ਫਲ ਰੂਪ ਨਹੀਂ ਸਗੋਂ ਇਸ ਵਿਚ ਉਸ ਦੀ ਮਾਨਸਕ ਸਾਂਝ ਦੀ ਅਣਹੋਂਦ ਮਹਿਸੂਸ ਹੁੰਦੀ ਹੈ । ਗ਼ਦਰ ਪਾਰਟੀ ਦਾ ਅਮਰੀਕਾ ਤੋਂ ਚਲਣਾ ਅਤੇ ਭਾਰਤ ਵਿਚ ਪਹੁੰਚ ਕੇ ਅੰਦੋਲਨ ਆਰੰਭ ਕਰਨਾ ਮਹਾਂਕਾਵਿ ਦੀ ਪੱਧਰ ਤੇ ਪੇਸ਼ ਕਰਨ ਦੀ ਮੰਗ ਕਰਦੇ ਹਨ । ਪਰ ਨਾਨਕ ਸਿੰਘ ਵਿਸ਼ੇ ਵਸਤੂ ਦੀ ਇਸ ਮੰਗ ਤੇ ਪੂਰਾ ਨਹੀਂ ਉਤਰ ਸਕਿਆ | ਬਹੁਤ ਜਤਨ ਕਰਨ ਦੇ ਬਾਵਜੂਦ ਵੀ ਕਰਤਾਰ ਸਿੰਘ ਸਰਾਭਾ ਦੀ ਪਾਤਰ ਉਸਾਰੀ ਸਫਲ ਨਹੀਂ। ਉਹ ਇਕ ਅਣਘੜਿਆ ਪਾਤਰ ਹੀ ਜਾਪਦਾ ਹੈ ਜਿਸ ਦੇ ਵਿਅਕਤੀਤਵ ਦਾ ਸ਼ਾਇਦ ਲੇਖਕ ਨੂੰ ਆਪ ਵੀ ਗਿਆਨ ਨਹੀਂ । ਸਪਸ਼ਟ ਹੈ ਕਿ ਜਦ ਨਾਇਕ ਦਾ ਵਿਅਕਤੀਤਵ ਹੀ ਨਹੀਂ ਉਘੜਦਾ ਤਾਂ ਉਸ ਦੁਆਲੇ ਉਸਾਰਿਆ ਇਤਿਹਾਸਕ ਨਾਵਲ ਪੂਰਨ ਭਾਂਤ ਸਫਲ ਨਹੀਂ ਹੋ ਸਕਦਾ । ਇਵੇਂ ਹੀ ਨਾਇਕਾ ਬੀਰੋ ਅਤੇ ਉਸਦੇ ਭਰਾ ਦਾ ਵੀ ਮਨੋਵਿਸ਼ਲੇਸ਼ਨ ਨਹੀਂ ਕੀਤਾ ਗਿਆ | ਉਹ ਅਸਪਸ਼ਟ ਪਾਤਰ ਹੀ ਜਾਪਦੇ ਹਨ । ਦੋ ਵਿਰੋਧੀ ਦਿਸ਼ਟੀਕੋਣਾਂ ਅਤੇ ਹਿਤਾਂ ਵਿਚ ਉਲਝੇ ਭੈਣ ਭਰਾ ਦੇ ਮਾਨਸਕ ਸੰਕਟ ਦੀ ਕਿਧਰੇ ਉਘੜਵੀਂ ਝਲਕ ਨਹੀਂ ਮਿਲਦੀ । ਇਸ ਦੇ ਉਲਟ ਉਨਾਂ ਦੇ ਪਿਤਾ ਦਾ ਚਿਤਰਨ ਕਾਫ਼ੀ ਸਪਸ਼ਟ ਹੈ ਅਤੇ ਨਾਨਕ ਸਿੰਘ ਉਸ ਨੂੰ ਪੇਸ਼ ਕਰਨ ਵਿਚ ਸਫਲ ਵੀ ਹੈ । ਅੰਤ ਵਿਚ ਬੀਰੋ ਦਾ ਅੰਤਮ ਵੇਰ ਸਰਾਭੇ ਨੂੰ ਮਿਲਣਾ ਬੇਸ਼ੱਕ ਰੋਮਾਟਿਕ ਪੱਖ ਤੋਂ ਪ੍ਰਭਾਵਸ਼ਾਲੀ ਜਾਪੇ ਪਰ ਬੀਰੋ ਦੀ ਪਹਿਲੀ ਪਾਤਰ ਉਸਾਰੀ ਨਾਲ ਮੇਲ ਨਹੀਂ ਖਾਂਦਾ ਕਿਉਕਿ ਉਹ ਕਿਧਰੇ ਵੀ ਕਾਰਜਸ਼ੀਲ ਰੂਪ ਵਿਚ ਨਹੀਂ ਆਉਂਦੀ ਅਤੇ ਅਜਿਹੇ ਰੋਮਾਂਟਿਕ ਕਿਸਮ ਦੇ ਕਦਮ ਚੁੱਕਣਾ ਸ਼ਾਇਦ ਉਸਦਾ ਭਾਵ ਵੀ ਨਹੀਂ । ਇਤਿਹਾਸਕ ਨਾਵਲ ਦੇ ਕੁਝ ਆਪਣੇ ਅਸੂਲ ਹੁੰਦੇ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਉਹ ਹਰ ਪੱਖੋਂ ਇਤਿਹਾਸ ਨੂੰ ਸਹੀ

ਦੇਖੋ ਸਫ਼ਾ ੫੯

੩੧