ਡਾ: ਜਸਵੰਤ ਸਿੰਘ ਨੇਕੀ−
ਕਵਿਤਾ ਤੇ ਵਿਗਿਆਨ
(ਲੜੀ ਜੋੜਣ ਲਈ ਵੇਖੋ ਆਲੋਚਨਾ-ਫ਼ਰਵਰੀ ੬੪ ਅੰਕ)
−੩−
ਕਵੀ ਤੇ ਵਿਗਿਆਨੀ ਦੋਵੇਂ ਜਗਤ ਦੇ ਸੁਜਾਖੇ ਵੇਖ਼ਣਹਾਰੇ ਹਨ। ਇਹ ਦੋਵੇਂ ਦਿਸਦੇ ਵਿਚ ਕਿਸੇ ਮਰਯਾਦਾ ਦਾ ਵਰਤਾਵਾ ਪਛਾਣਦੇ, ਉਸ ਨੂੰ ਅੰਦਰ ਵਸਾਉਂਦੇ ਤੇ ਫਿਰ ਹੋਰਨਾਂ ਨਾਲ ਸਾਂਝਾ ਕਰਦੇ ਹਨ। ਪਰ ਕਵੀ ਦਾ ਖੇਤਰ ਨਿੱਜੀ ਅਨੁਭਵ ਹੈ ਤੇ ਵਿਗਿਆਨੀ ਦੀ ਅਨਿੱਜੀ। ਉਂਜ ਤਾਂ ਅਨੁਭਵ ਸਾਰਾ ਹੀ ਨਿੱਜੀ ਹੁੰਦਾ ਹੈ, ਪਰ ਅਨੁਭਵ ਘਟ ਨਿੱਜੀ ਹੁੰਦੇ ਹਨ, ਤੇ ਕੁਝ ਵਧ। ਸਾਡੇ ਗਿਆਨ ਇੰਦਰੀਆਂ ਦੇ ਬਿੰਬ ਭੀ ਨਿੱਜੀ ਹਨ ਤੇ ਸਾਡੇ ਇਕੇ ਜਹੇ ਹਾਲਾਤ ਵਿਚ ਸਭ ਲੋਕਾਂ ਦੇ ਬਿੰਬ ਲਗਪਗ ਇਕੋ ਜਹੇ ਹੋਣਗੇ। ਸੜਕ ਦੇ ਕੰਢੇ ਸੁੱਕੇ ਪਤਿਆਂ ਦੇ ਇਕ ਸੜਦੇ ਢੇਰ ਵਿਚੋਂ ਨਿਕਲਦਾ ਅੱਖਾਂ ਨੂੰ ਚੁਭਦਾ ਧੂੰਆਂ, ਉਸ ਦੀ ਗਲ੍ਹਾਂ ਧੁਆਂਖਦੀ ਬਾਸ, ਤੇ ਸੁਲਗਦੀਆਂ ਤਿੜਾਂ ਦੇ ਤਿੜਕਣ ਦੀ ਤਿੜ ਤਿੜ ਇਹ ਸਾਰੇ ਬਿੰਬ ਹਰ ਆਦਮੀ ਦੇ ਲਗਪਗ ਇਕ ਜਹੇ ਹੋਣਗੇ। ਇਸ ਨਾਤੇ ਇਹ ਕੁਝ ਘਟ ਨਿੱਜੀ ਹਨ। ਪਰ ਇਸ ਦੇ ਉਲਟ ਸਾਡੇ ਭਾਵ ਇਤਨੇ ਅਨਿੱਜੀ ਨਹੀਂ। ਇਹਨਾਂ ਪਤਿਆਂ ਨੂੰ ਸੜਦਿਆਂ ਵੇਖ ਕੇ ਇਕ ਬੰਦੇ ਨੂੰ ਦੁਖ ਹੁੰਦਾ ਹੈ, ਦੂਜੇ ਦੇ ਅੰਦਰ ਹਮਦਰਦੀ ਜਾਗਦੀ ਹੈ; ਤੀਜੇ ਨੂੰ ਖੁਸ਼ੀ ਹੁੰਦੀ ਹੈ ਕਿ ਇਹਨਾਂ ਪਤਿਆਂ ਦਾ ਗੰਦ ਮੁੱਕਾ; ਤੇ ਚੌਥੇ ਦੇ ਅੰਦਰ ਭੈ ਪੈਦਾ ਹੁੰਦਾ ਹੈ ਕਿ ਇਹੋ ਹਰ ਮਨੁਖ ਦਾ, ਤੇ ਇਸ ਨਾਤੇ ਉਸ ਦਾ ਆਪਣਾ ਭੀ ਅੰਤ ਹੈ। ਇਹ ਸਾਰੇ ਅਨੁਭਵ ਇਕ ਦੂਜੇ ਤੋਂ ਵਖੋ ਵਖਰੇ ਹਨ ਤੇ ਇਉਂ ਇਦਰਿਆਵੀ ਬਿੰਬਾਂ ਤੇ ਬੌਧਿਕ ਵਿਚਾਰਾਂ ਤੋਂ ਵਧੇਰੇ ਨਿੱਜੀ ਹਨ।
ਸਾਇੰਸ ਨੂੰ ਅਸੀਂ, ਇਹਨਾਂ ਅਨਿੱਜੀ ਅਨੁਭਵਾਂ ਨੂੰ ਪਰਤਿਆਉਣ, ਨਿਯਮਾਉਣ ਤੇ