ਪੰਨਾ:Alochana Magazine July, August and September 1986.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਲੋਚਨਾ/ਜੁਲਾਈ-ਸਤੰਬਰ 1986

83

4. ਤਾਹੀਓ ਤਾਂ ਸਾਲਾ ਇਨਕਲਾਬ ਨੀ ਆਉਂਦਾ।....ਧਰਮ ਦੇ ਵਿਸ਼ਵਾਸ

ਦੀ ਤਪਦਿਕ ਮਨੁੱਖ ਨੂੰ ਉੱਠਣ ਈ ਨੀਂ ਦਿੰਦੀ।

(ਚੌਥਾ ਭਾਗ-ਪੰਨਾ-478)

ਉਪਰੋਕਤ ਚਾਰੇ ਸਥਿਤੀਆਂ ਦੇ ਫੈਲਾਅ ਵਿਚ ਸਿਰਜੇ ਲੋਕ ਸੰਧਾਰ ਦਾ ਅਧਿਐਨ ਅਸੀਂ ਏਦਾਂ ਕਰਦੇ ਹਾਂ। ਪਹਿਲੇ ਭਾਗ ਵਿਚ ਹਰਨਾਮੀ ਦੀ ‘ਸਰੀਰ ਦੀ ਸੁਆਦ' ਦੀ ਚੇਤਨਾ ਦਾ ਮੋਟਿਫ਼ ਪਸ਼ੂ ਚੇਤਨਾ ਦੇ ਪ੍ਰਸੰਗ ਵਿਚ ਰਖਿਆ ਜਾਵੇਗਾ। ਕਬੀਲਾ ਪਸ਼ੂ ਚੇਤਨਾ ਵਿਚ ਜਗੀਰੂ ਸਮਾਜ ਦਾ ਪਿੰਡ ਕੋਠੇ ਖੜਕ ਸਿੰਘ ‘ਚਾਲੀ ਕੋਹਾਂ 'ਚ ਦੀਵਾ ਬਲਣ' ਦੀ ਰੂੜੀ ਅਨੁਸਾਰ ਮਨੁੱਖੀ-ਪੁਸ਼ਤਾਂ ਦੇ ਰੈਣ ਬਸੇਰਿਆਂ ਦਾ ਸਮੂਹ ਹੈ। ਨਾਵਲ ਦੇ ਇਸ ਭਾਗ ਦੀ ਪੜ੍ਹਤ ਸਮੇਂ ਮੈਨੂੰ ਕੁਝ ਪਸ਼ੂਗਤ ਪ੍ਰਸੰਗ ਅਜਿਹੇ ਮਿਲੇ ਹਨ ਜਿਨ੍ਹਾਂ ਨੂੰ ਮੈਂ ਮਨੁੱਖੀ ਚੇਤਨਾ ਦੇ ਵਿਕਾਸ ਦੀ ਗਤੀਹੀਣ ਜੜਤਾ ਦੇ ਬਿੰਦੂ ਵਜੋਂ ਸਵੀਕਾਰ ਕੀਤਾ ਹੈ। ਉਦਾਹਰਣ ਵਜੋਂ ਗਿੰਦਰ ਕਾ ਟੱਬਰ। ਕਿਹਰ ਸਿੰਘ ਆਪਣੇ ਪੁਤਰ ਗਿੰਦਰ ਨੂੰ ਕਹਿੰਦਾ ਹੈ 'ਭਾਈ ਦੀਵਾ ਈ ਡੰਗ ਲੈ .. ਨਾਲੇ ਹਰਨਾਮੀ ਨੂੰ ਕੁਝ ਨਾ ਕਹਿਣ ਦੀ ਸਮਝੌਤੀ ਦਿੰਦਾ ਹੈ। ਇਸੇ ਤਰਾਂ ਗਿੰਦਰ ਹਰਨਾਮੀ ਨੂੰ ਉਡੀਕਦਾ ਤਾਂ ਹੈ ਪਰ ਅਵਾਰਾ ਪਸ਼ੂ ਪ੍ਰਵਿਰਤੀ ਦੀ ਤਰਾਂ ਇਹ ਵੀ ਮੰਨੀ ਬੈਠਾ ਹੈ “ਚਲ ਆ ਈ ਜਾਵੇ ਗਲ ਧਰੀ ਚੱਕੀ ਰਹਿ ਜੇ।' ਗਿੰਦਰ ਤੇ ਕਿਹਰ ਸਿੰਘ ਲਈ ਹਰਨਾਮੀ ਦਾ ਘਰੋਂ ਨਿਕਲਣਾ, ਸ਼ਰਾਬ ਪੀਣਾ, . ਮੀਟ ਖਾਣਾ, ਉਧਲਣਾ, ਗੱਲ ਕੀ ਉਸਦਾ ਸਾਰਾ ਢੀਠਪੁਣਾ, ਲੁਚਰਪੁਣਾ ਇਕ ਜੜ੍ਹ ਰੂਪ ਵਿਚ ਕੋਈ ਵੀ ਵਸਤੂਗਤ ਬਾਹਰਮੁਖੀ ਅਸਰ ਨਹੀਂ ਰਖਦਾ। ਗਿੰਦਰ ਅਤੇ ਕਿਹਰ ਸਿੰਘ ਦੀ 'ਘੁੱਟ ਵੱਟ ਕੇ ਚੁੱਪ ਰਹਿ ਜਾਣ' ਇਹ ਸਥਿੱਤੀ ਅੰਤਰਮੁਖੀ ਆਤਮ ਸਾਧਨ ਦੀ ਪਸ਼ੂਗਤ ਪ੍ਰਵਿਰਤੀ ਦੀ ਤਾਸਦਿਕ ਪੇਸ਼ਕਾਰੀ ਹੈ।

ਇਸੇ ਪਿੰਡ ਦਾ ਇਕ ਹੋਰ ਟੱਬਰ ਝੰਡੇ ਕਾ ਟੱਬਰ ਗਿੰਦਰ ਕੇ ਟੱਬਰ ਨਾਲ ਮਾਨਵੀ ਕਦਰਾਂ ਕੀਮਤਾਂ ਦੀ ਸਾਂਝ ਨਾਲ ਨਹੀਂ ਜੁੜਦਾ ਸਗੋਂ ਪਸ਼ੂਗਤ ਭਾਵਨਾ ਅਧੀਨ ਹੀ ਕਬੀਲਾ ਪਰਵਰੀ ਲਈ ਜੁੜਦਾ ਹੈ। ਝੰਡੇ ਦੇ ਭਰਾ ਅਰਜਨ ਦੇ ਸੰਬੰਧ ਹਰਨਾਮੀ ਨਾਲ ਜੁੜਦੇ ਹਨ। ਇਨ੍ਹਾਂ ਸੰਬੰਧਾਂ ਦੀ ਸਾਰੀ ਤੰਦ ਪਸੂ ਪ੍ਰਵਿਰਤੀ ਦੀ ਗਤੀਹੀਣ ਰੂੜੀ ਹੈ। ਜ਼ਮੀਨ ਇਕੱਠੀ ਰਖਣ ਦੀ ਭਾਵਨਾ ਅਧੀਨ ਝੰਡਾ ਤੇ ਉਸਦੀ ਘਰ ਵਾਲੀ ਬੰਤੋ ਆਪਣੇ ਆਪ ਨੂੰ ਪਸ਼ੂ ਕਰੂਪਤਾ ਤੱਕ ਲਿਆਉਣ ਤੋਂ ਸੰਕੋਚ ਨਹੀਂ ਕਰਦੇ। ਝੰਡਾ ਅਰਜਨ ਤੇ ਹਰਨਾਮੀ ਦੇ ਸੰਬੰਧਾਂ ਨੂੰ ਅਰਜਨ ਨੂੰ ਕੁਆਰਾ ਰੱਖਣ ਦੇ ਮੰਤਵ ਨਾਲ ‘ਠਰਕ ਪੂਰਾ ਕਰਨ' ਦੇ ਸੰਦਰਭ ਵਿਚ ਦੇਖਦਾ ਹੈ ਇਥੋਂ ਤੀਕ ਕਿ ਆਪਣੀ ਘਰ ਵਾਲੀ ਬੰਤੇ ਨੂੰ ਵੀ ਅਰਜਨ ਨਾਲ ਸਬੰਧ ਕਾਇਮ ਕਰਨ ਦੀ ਖੁਲ੍ਹ ਦੇ ਦਿੰਦਾ ਹੈ। ਉਹ ਦੋਵੇਂ ਅਰਜਨ ਨੂੰ ਕੋਈ ਸਾਕ ਨਹੀਂ ਹੋਣ ਦਿੰਦੇ। ਬੰਤੋ ਦੀ ਅੜੀ 'ਤੇਰੇ ਸੰਗਲ ਪੌਣੈ ਜਿਨਾ ਮਰਜੀ ਭੱਜ ਲੈ' ਇਕ ਸਾਨ੍ਹ ਦੇ ਸੰਗਲ ਪਾਉਣ ਵਾਲੀ ਪਸ਼ੂ ਰੂੜੀ ਹੈ।