ਪੰਨਾ:Alochana Magazine October 1957 (Punjabi Conference Issue).pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਤਾ ਨੰ: ੬

ਇਹ ਕਾਨਫ਼ਰੰਸ ਪਿਛਲੇ ਸਾਲ ਵਾਂਗ ਇਸ ਵਾਰੀ ਫੇਰ ਆਪਣੀ ਇਹ ਮੰਗ ਦੁਹਰਾਉਂਦੀ ਹੈ ਕਿ ਪੰਜਾਬ-ਰਾਜ ਦੇ ਪੰਜਾਬੀ ਬੋਲਣ ਵਾਲੇ ਇਲਾਕੇ ਲਈ ਇਕ ਵੱਖਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇ, ਜਿਸ ਦਾ ਮਾਧਿਅਮ ਹੋਰ ਪ੍ਰਦੇਸ਼ਕ , ਯੂਨੀਵਰਸਿਟੀਆਂ ਵਾਂਗ ਏਸ ਇਲਾਕੇ ਦੀ ਆਪਣੀ ਬੋਲੀ ਪੰਜਾਬੀ ਹੋਵੇ, ਕਿਉਂਕਿ ਇਸ ਤੋਂ ਬਿਨਾਂ ਪੰਜਾਬੀ ਭਾਸ਼ਾ ਦੀ ਸਰਬ-ਪੱਖੀ ਉੱਨਤੀ ਨਹੀਂ ਹੋ ਸਕਦੀ ਹੈ ਤੇ ਪੰਜਾਬੀ ਬੋਲੀ ਰਾਜ ਦੇ ਕਾਰ-ਵਿਹਾਰ ਦਾ ਯੋਗ ਮਾਧਿਅਮ ਨਹੀਂ ਬਣ ਸਕਦੀ । ਇਸ ਕਾਨਫ਼ਰੰਸ ਨੂੰ ਖੇਦ ਹੋਇਆ ਹੈ ਕਿ ਭਾਰਤ ਤੇ ਪੰਜਾਬ ਦੀਆਂ ਸਰਕਾਰਾਂ ਨੇ ਇਸ ਮੰਤਵ ਦੀ ਪੂਰਤੀ ਲਈ ਹਾਲੀ ਤੱਕ ਕੋਈ ਕਦਮ ਨਹੀਂ ਚੁਕਿਆ।

'ਵਲੋਂ : ਪ੍ਰੋ: ਸੰਤ ਸਿੰਘ ਸੇਖੋ।

ਪ੍ਰੋੜਤਾ ਕਰਨ ਵਾਲਾ : ਪ੍ਰੋ: ਦੀਵਾਨ ਸਿੰਘ ਤੇ ਸ੍ਰੀ ਵੀ. ਐਨ. ਤਿਵਾੜੀ ।

ਮਤਾ ਨੰ: ੭

ਭਾਰਤ ਵਿਚ ਛਾਪੇ-ਖ਼ਾਨੇ ਦੇ ਪਰਵੇਸ਼ ਤੋਂ ਪਹਿਲਾਂ ਬਹੁਤਾ ਸਾਹਿੱਤ ‘ਹੱਥ ਲਿਖੀਆਂ' ਦੀ ਸ਼ਕਲ ਵਿਚ ਹੁੰਦਾ ਸੀ । ਇਹ ਸਾਰਾ ਪੁਰਾਣਾ ਸਾਹਿੱਤ ਖਰੜਿਆਂ ਦੀ ਸ਼ਕਲ ਵਿਚ ਦੇਸ਼ ਦੇ ਕੋਨੇ ਕੋਨੇ ਵਿਚ ਖਿੰਡਿਆ ਪਇਆ ਹੈ । ਕੁਝ ਹੱਥ-ਲਿਖੀਆਂ ਦੁਰਲੱਭ ਹੋਣ ਦੇ ਕਾਰਨ ਕਿਸੇ ਇਕ ਅੱਧੀ ਪਬਲਿਕ ਜਾਂ ਨਿੱਜੀ ਲਾਇਬ੍ਰੇਰੀ ਵਿਚ ਹੀ ਪਰਾਪਤ ਹਨ । ਇਸ ਸਾਰੀ ਖੰਡੀ ਪੁੰਡੀ ਦੌਲਤ ਨੂੰ ਇਕੱਤਰ ਕਰ ਕੇ ਪਾਰਖੂ ਸਾਮ੍ਹਣੇ ਲਿਆਉਣ ਦੀ ਲੋੜ ਹੈ । ਇਸ ਲਈ ਕਾਨਫ਼ਰੰਸ ਦਾ ਇਹ ਸਮਾਗਮ ਕੇਂਦਰੀ ਤੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਾ ਹੈ ਕਿ ਉਹ ਆਪਣੇ ਸਿਖਿਆ ਵਿਭਾਗਾਂ ਵਿਚ ਇਕ ਅਜਿਹਾ ਸੈਕਸ਼ਨ ਬਣਾਉਣ ਜਿਸ ਦਾ ਕੰਮ ਕੇਵਲ ਅਜਿਹੀ ਲਿਖਤਾਂ ਨੂੰ ਢੂੰਡ ਕੇ ਉਨ੍ਹਾਂ ਦੀਆਂ ਫੋਟੋ-ਸਟੈਂਟ ਕਾਪੀਆਂ ਕਰਵਾ ਕੇ ਲਾਇਬ੍ਰੇਰੀਆਂ ਤੇ ਹੋਰ ਚਾਹਵਾਨ ਸਜਣਾਂ ਦੇ ਹੱਥਾਂ ਵਿਚ ਪਹੁੰਚਾਣਾ ਹੋਵੇ।

(ਅ) ਇਸੇ ਤਰ੍ਹਾਂ ਪੰਜਾਬੀ ਸਾਹਿੱਤ ਦਾ ਇਕ ਬਹੁਤ ਵਡਮੁਲਾ ਭਾਗ ਲਾਹੌਰ ਵਿਚ ਪੰਜਾਬ ਯੂਨੀਵਰਸਿਟੀ ਤੇ ਦੂਜਿਆਂ ਪੁਸਤਕਾਲਿਆਂ ਵਿਚ ਬੰਦ ਪਇਆ ਹੈ। ਇਹ ਕਾਨਫ਼ਰੰਸ ਪੰਜਾਬ ਯੂਨੀਵਰਸਿਟੀ ਪਾਸੋਂ ਮੰਗ ਕਰਦੀ ਹੈ ਕਿ ਬਹੁਤ ਛੇਤੀ ਨੂੰ ਸਾਰੇ ਸਾਹਿੱਤ ਦੀਆਂ ਮਾਈਕਰੋ ਫ਼ਿਲਮ ਜਾਂ ਫ਼ੋਟੋ-ਸਟੈਟ ਕਾਪੀਆਂ ਪਰਾਪਤ ਕਰ ਕੇ ਖੋਜ ਦੇ ਵਿਦਿਆਰਥੀਆਂ ਨੂੰ ਖੋਜ ਕਰਨ ਵਿਚ ਸਹਾਈ ਹੋਵੇ ।

ਵਲੋਂ : ਪਿਆਰ ਸਿੰਘ ।

ਪ੍ਰੋੜਤਾ ਕਰਨ ਵਾਲਾ : ਪ੍ਰੋ: ਕੇ. ਸੀ. ਗੁਪਤਾ ।

੪o]